ਸੁਨਾਮ : ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿੱਤ ਮੰਤਰੀ ਸ੍ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਉੱਪਰ ਅਕਾਲੀ ਦਲ ਦੀ ਭਰਤੀ ਨੂੰ ਤੇਜ਼ ਕਰਨ ਲਈ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸਾਹਿਬਾਨ 29 ਮਾਰਚ ਨੂੰ ਸੁਨਾਮ ਰੋਡ ਸਥਿਤ ਕੈਲੀਫੋਰਨੀਆ ਰਿਜੋਰਟ ਸੰਗਰੂਰ ਵਿਖੇ ਸਹੀ 10 ਵਜੇ ਸਵੇਰੇ ਪੁੱਜ ਰਹੇ ਹਨ।ਇਸ ਮੌਕੇ ਪੰਥਕ ਸ਼ਕਤੀ ਨੂੰ ਇੱਕਜੁਟ ਕਰਨ ਲਈ ਅਕਾਲੀ ਦਲ ਦੀ ਭਰਤੀ ਦਾ ਆਗਾਜ਼ ਕਰਨ ਉਪਰੰਤ ਪੰਥਕ ਵਿਚਾਰਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਭਰਤੀ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰੀ ਤੋਂ ਇਲਾਵਾ ਅਹਿਮ ਆਗੂ ਵਿਚਾਰਾਂ ਸਾਂਝੀਆਂ ਕਰਨ ਲਈ ਪੁੱਜਣਗੇ। ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ, ਸਰਪੰਚਾਂ ਪੰਚਾਂ, ਢਾਡੀ ਸਿੰਘਾਂ, ਗ੍ਰੰਥੀ ਸਿੰਘਾਂ, ਕਲੱਬਾਂ ਦੇ ਮੈਂਬਰਾਂ, ਸੁਖਮਨੀ ਸਾਹਿਬ ਸੇਵਾ ਕਮੇਟੀਆਂ ਦੇ ਸਮੂਹ ਮੈਂਬਰਾਂ ਤੇ ਪੰਥ ਹਿਤੈਸ਼ੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਪੰਥਕ ਕਾਰਜ ਵਿੱਚ ਹੁੰਮ ਹੁਮਾ ਕੇ ਪੁੱਜਣ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰਿਉਂ ਸੁਰਜੀਤ ਕਰਕੇ ਪੰਥ ਤੇ ਪੰਜਾਬ ਦੀ ਖੁਸ਼ਹਾਲੀ, ਤਰੱਕੀ ਤੇ ਹਰ ਖੇਤਰ ਅੰਦਰ ਮੁੜ ਤੋਂ ਅੱਗੇ ਵਧ ਸਕੇ।