ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਟੋਲ ਪਲਾਜਿ਼ਆਂ ਲਈ ਨਵੇਂ ਨਿਯਮ ਤੈਅ ਕੀਤੇ ਹਨ। ਜਾਣਕਾਰੀ ਅਨੁਸਾਰ ਟੋਲ ਪਲਾਜ਼ਾ 'ਤੇ ਲੰਬੀਆਂ ਕਤਾਰਾਂ ਦੀ ਸ਼ਿਕਾਇਤ ਕਰਨ ਵਾਲੇ ਯਾਤਰੀਆਂ ਸਬੰਧੀ ਇਹ ਨਵੇਂ ਨਿਯਮ ਬਣਾਏ ਹਨ। ਦਰਅਸਲ ਕੇਂਦਰ ਸਰਕਾਰ ਨੇ ਟੋਲ ਪਲਾਜ਼ਾ ਦੇ ਹਰ ਟੋਲ ਲੇਨ 'ਤੇ 10 ਸੈਕਿੰਡ ਦੇ ਅੰਦਰ ਅੰਦਰ ਟੋਲ ਟੈਕਸ ਲਗਾਉਣ ਲਈ ਨਵੇਂ ਨਿਯਮ ਤੈਅ ਕੀਤੇ ਹਨ। ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਜੇ ਟੋਲ ਪਲਾਜ਼ਾ 'ਤੇ 100 ਮੀਟਰ ਲੰਬੀ ਵਾਹਨਾਂ ਦੀ ਲਾਈਨ ਲਗਾਈ ਜਾਂਦੀ ਹੈ ਤਾਂ ਉਨ੍ਹਾਂ ਵਾਹਨਾਂ ਤੋਂ ਟੋਲ ਟੈਕਸ ਵਸੂਲ ਨਹੀਂ ਕੀਤਾ ਜਾਵੇਗਾ। ਇਸ ਨਵੀਂ ਪਹਿਲ ਨੂੰ ਲਾਗੂ ਕਰਨ ਲਈ ਟੋਲ ਪਲਾਜ਼ਾ ਤੋਂ 100 ਮੀਟਰ ਦੀ ਦੂਰੀ 'ਤੇ ਇਕ ਪੀਲੇ ਰੰਗ ਦੀ ਪੱਟੜੀ ਲਗਾਈ ਜਾਵੇਗੀ। ਜਦੋਂ ਤੱਕ ਇਸ ਪੀਲੇ ਨਿਸ਼ਾਨ ਤੱਕ ਗੱਡੀਆਂ ਦੀ ਲਾਈਨ ਜਾਰੀ ਰਹੇਗੀ, ਸਾਰੇ ਵਾਹਨ ਟੋਲ ਟੈਕਸ ਅਦਾ ਕੀਤੇ ਬਿਨਾਂ ਟੋਲ ਬੈਰੀਅਰ ਨੂੰ ਪਾਰ ਕਰਦੇ ਰਹਿਣਗੇ। ਰਿਪੋਰਟ ਦੇ ਅਨੁਸਾਰ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੇ ਜਨਰਲ ਮੈਨੇਜਰ ਸੰਜੇ ਕੁਮਾਰ ਪਟੇਲ ਨੇ ਟੋਲ ਪਲਾਜ਼ਾ ਮੈਨੇਜਮੈਂਟ ਪਾਲਿਸੀ ਦਿਸ਼ਾ ਨਿਰਦੇਸ਼ 2021 ਜਾਰੀ ਕੀਤੇ ਹਨ। ਐਨਐਚਏਆਈ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ਦੇ ਸਾਰੇ 570 ਟੋਲ ਪਲਾਜ਼ਿਆਂ 'ਤੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਸਿਸਟਮ ਲਗਾਏ ਗਏ ਹਨ। ਫਾਸਟੈਗ ਰਾਹੀਂ ਟੋਲ ਪਲਾਜ਼ਾ ਦੀਆਂ ਸਾਰੀਆਂ ਟੋਲ ਲੇਨਾਂ 'ਤੇ ਟੋਲ ਟੈਕਸ ਆਨਲਾਈਨ ਲਗਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ, ਉਨ੍ਹਾਂ ਨੂੰ ਯਾਤਰੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਟੋਲ ਪਲਾਜ਼ਾ 'ਤੇ ਵਾਹਨਾਂ ਦੇ ਜਾਮ ਅਤੇ ਲੰਬੀਆਂ ਕਤਾਰਾਂ ਹਨ।