ਮੁੰਬਈ : ਬਾਲੀਵੁੱਡ ਅਦਾਕਾਰ ਸੰਜੇ ਦੱਤ ਕੈਂਸਰ ਦੀ ਬਿਮਾਰੀ ਤੋਂ ਉਭਰ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੁਬਈ ਦੀ ਸਰਕਾਰ ਵਲੋਂ ਇਕ ਤੋਹਫ਼ਾ ਵੀ ਦਿਤਾ ਗਿਆ ਹੈ। ਦਰਅਸਲ ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਪਰਿਵਾਰ ਜ਼ਿਆਦਾਤਰ ਦੁਬਈ ਵਿਚ ਰਹਿੰਦਾ ਹੈ। ਬੁੱਧਵਾਰ ਨੂੰ ਯੂਏਈ ਪ੍ਰਸ਼ਾਸਨ ਨੇ ਸੰਜੇ ਦੱਤ ਨੂੰ ਵੱਡਾ ਤੋਹਫਾ ਦਿੱਤਾ ਹੈ। ਸੰਜੇ ਦੱਤ ਨੂੰ ਯੂਏਈ ਦਾ ਗੋਲਡਨ ਵੀਜ਼ਾ ਮਿਲਿਆ। ਇਹ ਇਕ ਬਹੁਤ ਹੀ ਖਾਸ ਕਿਸਮ ਦਾ ਵੀਜ਼ਾ ਹੈ, ਜਿਸਦਾ ਧਾਰਕ 10 ਸਾਲਾਂ ਲਈ ਯੂਏਈ ਵਿਚ ਰਹਿਣ ਦਾ ਹੱਕ ਪ੍ਰਾਪਤ ਕਰਦਾ ਹੈ। ਸੰਜੇ ਦੱਤ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਪਹਿਲੇ ਅਭਿਨੇਤਾ ਬਣ ਗਏ ਹਨ। ਸੰਜੇ ਦੱਤ ਵੀਜ਼ਾ ਮਿਲਣ ‘ਤੇ ਬਹੁਤ ਖੁਸ਼ ਹਨ। ਸੰਜੇ ਦੱਤ ਨੇ ਦੋ ਤਸਵੀਰਾਂ ਸਾਂਝਾ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਯੂਏਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਸੰਜੇ ਦੱਤ ਨੇ ਆਪਣੀ ਪੋਸਟ ਵਿਚ ਲਿਖਿਆ, ‘ਮੈਨੂੰ ਰਿਹਾਇਸ਼ੀ ਅਤੇ ਵਿਦੇਸ਼ੀ ਮਾਮਲਿਆਂ ਦੇ ਜਨਰਲ ਡਾਇਰੈਕਟੋਰੇਟ ਦੇ ਮੇਜਰ ਜਨਰਲ ਮੁਹੰਮਦ ਅਲ ਮਾਰੀ ਅਤੇ ਡਾਇਰੈਕਟਰ ਜਨਰਲ ਦੀ ਮੌਜੂਦਗੀ ਵਿਚ ਗੋਲਡਨ ਵੀਜ਼ਾ ਮਿਲਣ’ ਤੇ ਮਾਣ ਹੈ। ਇਸ ਸਨਮਾਨ ਲਈ ਯੂਏਈ ਸਰਕਾਰ ਦਾ ਧੰਨਵਾਦ, ਸਹਾਇਤਾ ਲਈ ਫਲਾਈ ਦੁਬਈ ਦੇ ਸੀਈਓ ਹਮਦ ਅਬਦੁੱਲਾ ਦਾ ਵੀ ਧੰਨਵਾਦ।