ਸਿੱਖਿਆ ਕਿਸੇ ਵੀ ਰਾਜ ਦੀ ਤਰੱਕੀ ਦੀ ਮੂਲ ਕੂੰਜੀ ਹੁੰਦੀ ਹੈ। ਜੇਕਰ ਕਿਸੇ ਦੇਸ਼ ਜਾਂ ਸੂਬੇ ਨੇ ਅਸਲ ਤਰੱਕੀ ਕਰਨੀ ਹੈ, ਤਾਂ ਉਸ ਲਈ ਲਾਜ਼ਮੀ ਹੈ ਕਿ ਉਹ ਆਪਣੇ ਨੌਜਵਾਨਾਂ ਨੂੰ ਗੁਣਵੱਤਾਪੂਰਨ ਸਿੱਖਿਆ ਦੇ ਕੇ ਉਨ੍ਹਾਂ ਨੂੰ ਵਿਦਿਆ, ਵਿਵੇਕ ਅਤੇ ਸਮਝਦਾਰੀ ਨਾਲ ਭਰਪੂਰ ਕਰੇ। ਪੰਜਾਬ, ਜੋ ਕਿ ਕਈ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਰਿਹਾ ਸੀ, ਅੱਜ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਚੁੱਕਾ ਹੈ। ਇਹ ਸਭ ਕੁਝ ਸੰਭਵ ਹੋਇਆ ਹੈ ਮੌਜੂਦਾ ਪੰਜਾਬ ਸਰਕਾਰ ਦੀ ਦੂਰਦਰਸ਼ੀ, ਨਵੀਨਤਮ ਅਤੇ ਜੋਸ਼ੀਲੀ ਸੋਚ ਕਾਰਨ, ਜੋ ਸਿੱਖਿਆ ਨੂੰ ਕੇਵਲ ਇੱਕ ਵਿਭਾਗ ਨਹੀਂ, ਸਗੋਂ ਭਵਿੱਖ ਦੀ ਸੰਪੂਰਨ ਕਾਮਯਾਬੀ ਦੀ ਨੀਂਹ ਮੰਨਦੀ ਹੈ। ਇਸੇ ਲਈ ਮੌਜੂਦਾ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਵਿਕਾਸ ਦੇ ਮੁੱਖ ਖੇਤਰਾਂ ਵਿੱਚ ਰੱਖਦੀ ਹੋਈ ਕਾਰਜ ਕਰ ਰਹੀ ਹੈ।
ਜਦੋਂ 2022 ਵਿੱਚ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਸੱਤਾ ਸੰਭਾਲੀ, ਤਾਂ ਉਨਾਂ ਨੇ ਸਿੱਖਿਆ ਦੇ ਖੇਤਰ ਨੂੰ ਆਪਣੀ ਪ੍ਰਾਥਮਿਕਤਾ ਵਿੱਚ ਪਹਿਲੇ ਸਥਾਨ ’ਤੇ ਰੱਖਿਆ। ਉਨਾਂ ਦੀ ਸੋਚ ਸੀ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਾਂ, ਤਾਂ ਪੰਜਾਬ ਆਪਣੇ ਆਪ ਹੀ ਤਰੱਕੀ ਦੇ ਰਾਹਾਂ 'ਤੇ ਅੱਗੇ ਵਧ ਜਾਵੇਗਾ। ਇਸੇ ਦ੍ਰਿਸ਼ਟੀਕੋਣ ਹੇਠ ਉਨਾਂ ਨੇ ਇੱਕ ਤੋਂ ਵੱਧ ਕਦਮ ਚੁੱਕੇ, ਜੋ ਅੱਜ ਸਿੱਖਿਆ ਕ੍ਰਾਂਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਖੜੇ ਹਨ। ਭਗਵੰਤ ਮਾਨ ਸਰਕਾਰ ਨੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਜੀ ਨੂੰ ਇਸ ਖੇਤਰ ਦੀ ਜਿੰਮੇਵਾਰੀ ਸੌਂਪੀ। ਹਰਜੋਤ ਸਿੰਘ ਬੈਂਸ ਜੀ ਦੀ ਸੋਚ, ਜੋ ਆਧੁਨਿਕ, ਦੂਰਦਰਸ਼ੀ ਅਤੇ ਵਿਦਿਆਰਥੀ ਕੇਂਦਰਤ ਹੈ, ਨੇ ਸਿੱਖਿਆ ਨੂੰ ਇੱਕ ਨਵਾਂ ਰੂਪ ਦਿੱਤਾ। ਉਨਾਂ ਨੇ ਪੁਰਾਣੇ ਰਿਵਾਜੀ ਢਾਂਚੇ ਨੂੰ ਤੋੜ ਕੇ ਇੱਕ ਅਜਿਹੀ ਵਿਧੀ ਬਣਾਈ, ਜੋ ਬੱਚਿਆਂ ਨੂੰ ਸਮਝ, ਤਕਨਾਲੋਜੀ ਅਤੇ ਜੀਵਨ ਯੋਗਤਾ ਵਾਲੀ ਸਿੱਖਿਆ ਵੱਲ ਲੈ ਜਾਂਦੀ ਹੈ।
ਸਭ ਤੋਂ ਵੱਡਾ ਬਦਲਾਅ ਜੋ ਲੋਕਾਂ ਨੇ ਖੁਦ ਵੇਖਿਆ, ਉਹ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਕਲਾਸਰੂਮ ਦਾ ਨਵੀਨਤਮ ਰੂਪ ਸੀ। ਜਿੱਥੇ ਪਹਿਲਾਂ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪਾਓਣ ਤੋਂ ਹਿਚਕਿਚਾਉਂਦੇ ਸਨ, ਅੱਜ ਓਥੇ ਹਾਲਾਤ ਇਨ੍ਹਾਂ ਬਦਲੇ ਹਨ ਕਿ ਸਰਕਾਰੀ ਸਕੂਲਾਂ ਦੀ ਦਿੱਖ ਅਤੇ ਵਿਵਸਥਾ ਪ੍ਰਾਈਵੇਟ ਸਕੂਲਾਂ ਨੂੰ ਵੀ ਪਿੱਛੇ ਛੱਡ ਰਹੀ ਹੈ। ਸਮਾਰਟ ਕਲਾਸ ਰੂਮ, ਪ੍ਰੋਜੈਕਟਰ, ਇੰਟਰਐਕਟਿਵ ਪੈਨਲ, ਇ-ਕੰਟੈਂਟ ਅਤੇ ਡਿਜੀਟਲ ਪਾਠ–ਇਹ ਸਭ ਕੁਝ ਇੱਕ ਸੁਪਨੇ ਵਾਂਗ ਸੀ, ਜੋ ਹੁਣ ਹਕੀਕਤ ਬਣ ਚੁੱਕਾ ਹੈ। ਇਸ ਤਕਨੀਕੀ ਬਦਲਾਅ ਨਾਲ ਵਿਦਿਆਰਥੀਆਂ ਦਾ ਸਿੱਖਣ ਵਲ ਰੁਝਾਨ ਵਧਿਆ ਹੈ। ਉਹ ਬੋਰ ਹੋਣ ਦੀ ਬਜਾਏ, ਹੁਣ ਡਿਜ਼ੀਟਲ ਤਕਨੀਕਾਂ ਰਾਹੀ ਸਿੱਖਿਆ ਦੇ ਪਾਠਕ੍ਰਮਾਂ ਵਿੱਚ ਰੁਚੀ ਲੈ ਰਹੇ ਹਨ। ਇਸ ਨਾਲ ਪੜ੍ਹਾਈ ਦੀ ਗੁਣਵੱਤਾ ਵਿੱਚ ਵੀ ਬੇਹੱਦ ਸੁਧਾਰ ਆਇਆ ਹੈ। ਸਰਕਾਰ ਨੇ 2000 ਕਰੋੜ ਰੁਪਏ ਦੀ ਲਾਗਤ ਨਾਲ 12000 ਤੋਂ ਵੱਧ ਸਰਕਾਰੀ ਸਕੂਲਾਂ ਦਾ ਨਵੀਨੀਕਰਨ ਕੀਤਾ ਹੈ, ਜੋ ਕਿ ਸਿੱਖਿਆ ਖੇਤਰ ਵਿੱਚ ਇਨਕਲਾਬੀ ਕਦਮ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਵਿੱਚ 118 “ਸਕੂਲ ਆਫ ਐਮੀਨੈਂਸ”ਦੀ ਸ਼ੁਰੂਆਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ। ਇਨ੍ਹਾਂ ਸਕੂਲਾਂ ਵਿੱਚ ਨਾ ਸਿਰਫ਼ ਆਧੁਨਿਕ ਬੁਨਿਆਦੀ ਢਾਂਚਾ ਹੈ, ਸਗੋਂ ਉਨ੍ਹਾਂ ਵਿੱਚ ਸਿਖਲਾਈ ਦੇ ਵਧੀਆ ਮਾਪਦੰਡ ਵੀ ਲਾਗੂ ਕੀਤੇ ਗਏ ਹਨ। ਅਜਿਹੀ ਸਿੱਖਿਆ ਜੋ ਵਿਦਿਆਰਥੀ ਨੂੰ ਕੇਵਲ ਕਿਤਾਬਾਂ ਤੱਕ ਹੀ ਸੀਮਤ ਨਹੀਂ ਰੱਖਦੀ, ਸਗੋਂ ਉਨ੍ਹਾਂ ਨੂੰ ਸੋਚਣ, ਸਮਝਣ ਅਤੇ ਅਮਲ ਵਿੱਚ ਲਿਆਉਣ ਵਾਲਾ ਬਣਾਉਂਦੀ ਹੈ। ਇਸ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਸਰਕਾਰ ਨੇ ਵਿਸ਼ੇਸ਼ ਉਪਰਾਲੇ ਕੀਤੇ ਹਨ। “ਖੇਡੋ ਵਤਨ ਪੰਜਾਬ” ਮੁਹਿੰਮ ਹੇਠ ਹਜ਼ਾਰਾਂ ਵਿਦਿਆਰਥੀਆਂ ਨੇ ਰਾਜ ਪੱਧਰੀ, ਰਾਸ਼ਟਰੀ ਪੱਧਰੀ ਅਤੇ ਅੰਤਰਰਾਸ਼ਟਰੀ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਹੈ। ਸਕੂਲਾਂ ਵਿੱਚ ਖੇਡ ਮੈਦਾਨ, ਉਪਕਰਣ, ਕੋਚ ਅਤੇ ਟ੍ਰੇਨਿੰਗ ਦੀ ਵਿਵਸਥਾ ਕਰਕੇ ਬੱਚਿਆਂ ਵਿੱਚ ਖੇਡਾਂ ਵਲ ਰੁਝਾਨ ਪੈਦਾ ਕੀਤਾ ਗਿਆ ਹੈ। ਖੇਡ ਅਤੇ ਸਿੱਖਿਆ–ਦੋਵੇਂ ਦਾ ਸੰਤੁਲਨ ਅੱਜ ਦੇ ਯੁਗ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਨੇ ਇਸ ਨੂੰ ਬਹੁਤ ਸਮਝਦਾਰੀ ਨਾਲ ਅਮਲ ਵਿੱਚ ਲਿਆਉਂਦਾ ਹੈ।
ਇਸ ਸਾਰੀ ਕਵਾਇਦ ਨੂੰ ਲੋਕਾਂ ਤੱਕ ਪਹੁੰਚਾਉਣ ਲਈ 7 ਅਪ੍ਰੈਲ ਤੋਂ "ਸਿੱਖਿਆ ਕ੍ਰਾਂਤੀ" ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ। ਇਸ ਪ੍ਰੋਗਰਾਮ ਹੇਠ ਅੱਗਲੇ 54 ਦਿਨਾਂ ਤੱਕ ਸਰਕਾਰੀ ਸਕੂਲਾਂ ਦੀ ਨਵੀਂ ਦਿੱਖ, ਉਥੇ ਹੋ ਰਹੇ ਬਦਲਾਅ ਅਤੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਜਾਵੇਗਾ। ਇਹ ਨਾਂ ਸਿਰਫ਼ ਸਰਕਾਰ ਦੇ ਕੰਮ ਦੀ ਜਾਣਕਾਰੀ ਦੇਵੇਗਾ, ਸਗੋਂ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਓਣ ਵੱਲ ਪ੍ਰੇਰਿਤ ਕਰੇਗਾ। ਜਿਸ ਤਰ੍ਹਾਂ ਦੇ ਇਨਕਲਾਬੀ ਕਦਮ ਪੰਜਾਬ ਸਰਕਾਰ ਨੇ ਚੁੱਕੇ ਹਨ, ਉਹ ਦੇਸ਼ ਦੇ ਹੋਰ ਰਾਜਾਂ ਲਈ ਵੀ ਇੱਕ ਮਿਸਾਲ ਬਣੇ ਹਨ। ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਦੇ ਅਣਥੱਕ ਯਤਨਾਂ ਸਦਕਾ, ਅੱਜ ਜਦੋਂ ਇੱਕ ਮੱਧਮ ਵਰਗ ਜਾਂ ਗਰੀਬ ਪਰਿਵਾਰ ਦਾ ਬੱਚਾ ਵੀ ਆਧੁਨਿਕ ਸਿੱਖਿਆ ਦੀ ਲਹਿਰ ਵਿੱਚ ਤੈਰਦਾ ਹੋਇਆ ਦਿਸਦਾ ਹੈ, ਤਾਂ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ।
ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਇਰਾਦੇ ਨਿੱਘੇ ਹੋਣ, ਤਾਂ ਸਰਕਾਰੀ ਪੱਧਰ ’ਤੇ ਵੀ ਵਿਦਿਆਰਥੀਆਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ, ਜੋ ਇੱਕ ਸਮਰੱਥ ਪਰਿਵਾਰ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਦਿੰਦਾ ਹੈ। ਸਿੱਖਿਆ ਦੀ ਇਸ ਕ੍ਰਾਂਤੀ ਦੀ ਮੂੰਹੋਂ ਬੋਲਦੀ ਤਸਵੀਰ ਅੱਜ ਪੰਜਾਬ ਦੇ ਹਰੇਕ ਜ਼ਿਲ੍ਹੇ, ਹਰੇਕ ਕਸਬੇ ਅਤੇ ਹਰੇਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਿਸਦੀ ਹੈ। ਇੱਕ ਵਾਰ ਜੋ ਮਾਪੇ ਆਪਣੀਆਂ ਆਰਥਿਕ ਮਜ਼ਬੂਰੀਆਂ ਕਾਰਨ ਆਪਣੇ ਬੱਚਿਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਤੋਂ ਵਾਂਝਾ ਸਮਝਦੇ ਸਨ, ਅੱਜ ਉਹਨਾਂ ਦੀਆਂ ਅੱਖਾਂ ਵਿੱਚ ਨਵੇਂ ਸੁਪਨੇ ਹਨ। ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਨੂੰ ਨਵੀਨਤਮ ਦਿੱਖ ਦੇਣ ਲਈ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ, ਇਸ ਲਈ ਸੂਬੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੀ ਉਤਸ਼ਾਹਿਤ ਹੋਕੇ ਸਰਕਾਰ ਦੇ ਇਸ ਉਪਰਾਲੇ ਵਿੱਚ ਭਾਗੀਦਾਰ ਬਣਨ। ਇਸ ਤਰ੍ਹਾਂ ਰਲ-ਮਿਲ ਕੇ ਹੀ ਸਮਾਜ ਦੀ ਤਰੱਕੀ ਦਾ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ।
ਇਸ ਇਨਕਲਾਬ ਲਈ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਵਧਾਈ ਦੇ ਪਾਤਰ ਹਨ। ਉਨਾਂ ਦੀ ਦੂਰਅੰਦੇਸ਼ੀ ਸੋਚ, ਨਿਰੰਤਰ ਮਿਹਨਤ ਅਤੇ ਸਿੱਖਿਆ ਪ੍ਰਤੀ ਸਮਰਪਣ ਨੇ ਅੱਜ ਪੰਜਾਬ ਦੇ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਦਲਣ ਦੀ ਆਸ ਜਗਾਈ ਹੈ। ਅੱਜ ਸੂਬੇ ਵਿਚਲੀ ਸਿੱਖਿਆ ਕ੍ਰਾਂਤੀ ਦੇਸ਼ ਦੇ ਹੋਰ ਸੂਬਿਆਂ ਲਈ ਇੱਕ ਮਿਸਾਲ ਦਾ ਕੰਮ ਕਰ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਲਹਿਰ ਹੋਰ ਵੀ ਜੋਸ਼ ਨਾਲ ਅੱਗੇ ਵਧੇਗੀ ਅਤੇ ਪੰਜਾਬ ਦੇ ਹਰ ਇੱਕ ਕੋਨੇ ਤੱਕ ਗੁਣਵੱਤਾਪੂਰਨ, ਆਧੁਨਿਕ ਅਤੇ ਲਾਈਫ ਸਕਿਲਜ਼ ਵਾਲੀ ਸਿੱਖਿਆ ਪਹੁੰਚੇਗੀ। ਸਿੱਖਿਆ ਕ੍ਰਾਂਤੀ ਸਿਰਫ਼ ਸ਼ਬਦ ਨਹੀਂ, ਸਗੋਂ ਇੱਕ ਹਕੀਕਤ ਬਣ ਚੁੱਕੀ ਹੈ–ਅਜਿਹੀ ਹਕੀਕਤ ਜੋ ਭਵਿੱਖ ਨੂੰ ਨਵੀਂ ਦਿਸ਼ਾ ਦੇ ਰਹੀ ਹੈ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ