ਮੋਹਾਲੀ : ਜ਼ਿਲ੍ਹਾ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸੈਕਟਰ 66 ਵਿਖੇ ਸਰਕਾਰੀ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ਵਿਚ ਮਰੀਜ਼ਾਂ ਵਾਸਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨੂੰ ਕਿੱਤਾਮੁਖੀ ਸਿਖਲਾਈ ਦਿਤੀ ਜਾ ਰਹੀ ਹੈ ਤਾਕਿ ਉਹ ਨਸ਼ੇ ਦੀ ਅਲਾਮਤ ਤੋਂ ਨਿਜਾਤ ਪਾਉਣ ਦੇ ਨਾਲ-ਨਾਲ ਕਿਸੇ ਨਾ ਕਿਸੇ ਕਿੱਤੇ ਵਿਚ ਨਿਪੁੰਨ ਹੋ ਸਕਣ ਅਤੇ ਅਪਣੇ ਵਧੀਆ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਦਸਿਆ ਕਿ ਰੁਜ਼ਗਾਰ ਪੈਦਾਵਾਰ ਵਿਭਾਗ ਦੇ ਸਹਿਯੋਗ ਨਾਲ ਕੇਂਦਰ ਦੇ ਮਰੀਜ਼ਾਂ ਵਾਸਤੇ ਨਵੀਂ ਕਿੱਤਾਮੁਖੀ ਸਿਖਲਾਈ ਸ਼ੁਰੂ ਕੀਤੀ ਗਈ ਹੈ ਜਿਸ ਦੌਰਾਨ ਮਾਹਰਾਂ ਵਲੋਂ ਮਰੀਜ਼ਾਂ ਨੂੰ ਵੱਖ-ਵੱਖ ਬਿਜਲੀ ਉਪਕਰਨਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਬਾਰੇ ਸਿਖਾਇਆ ਜਾਵੇਗਾ। ਸਿਖਲਾਈ ਦੌਰਾਨ ਮੋਬਾਈਲ ਫ਼ੋਨ, ਫ਼ਰਿੱਜ, ਏ.ਸੀ., ਕੂਲਰ, ਮਿਕਸਰ ਗਰਾਈਂਡਰ ਮੁਰੰਮਤ ਆਦਿ ਬਾਰੇ ਵੀ ਸਿਖਲਾਈ ਦਿਤੀ ਜਾਵੇਗੀ ਜੋ ਫ਼ਿਲਹਾਲ 15 ਦਿਨ ਲਗਾਤਾਰ ਚੱਲੇਗੀ। ਪਹਿਲੇ ਦਿਨ ਦੀ ਸਿਖਲਾਈ ਵਿਚ 20 ਮਰੀਜ਼ਾਂ ਨੇ ਹਿੱਸਾ ਲਿਆ ਅਤੇ ਪੂਰੀ ਦਿਲਚਸਪੀ ਨਾਲ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਯੋਗ ਸੈਸ਼ਨ ਵੀ ਸ਼ੁਰੂ ਕੀਤਾ ਗਿਆ ਹੈ। ਡਾ. ਜੈਨ ਨੇ ਦਸਿਆ ਕਿ ਕੇਂਦਰ ਵਿਚ ਮਰੀਜ਼ਾਂ ਦੀ ਵੱਧ ਤੋਂ ਵੱਧ ਸਰੀਰਕ ਗਤੀਵਿਧੀ ਵੀ ਕਰਾਈ ਜਾਂਦੀ ਹੈ।