ਮੋਹਾਲੀ : ਸਥਾਨਕ ਜ਼ਿਲ੍ਹਾ ਹਸਪਤਾਲ ਮੋਹਾਲੀ ਦੇ ਜੱਚਾ-ਬੱਚਾ ਹਸਪਤਾਲ (ਐਮ. ਸੀ. ਐਚ.) ਵਿਚਲੀ ਲਿਫ਼ਟ ਦੋ ਮਹੀਨਿਆਂ ਲਈ ਬੰਦ ਰਹੇਗੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਐਚ.ਐਸ. ਚੀਮਾ ਅਤੇ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਇਨਟੈਂਡੰਟ ਡਾ. ਨਵਦੀਪ ਸੈਣੀ ਨੇ ਦਸਿਆ ਕਿ ਉਸਾਰੀ ਕਾਰਜਾਂ ਕਾਰਨ ਐਮ.ਸੀ.ਐਚ ਬਿਲਡਿੰਗ ਵਿਚਲੀ ਲਿਫ਼ਟ ਨੂੰ 15 ਅਪ੍ਰੈਲ ਤੋਂ 15 ਜੂਨ ਤਕ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਬਿਲਡਿੰਗ ਉਪਰ ਇਕ ਹੋਰ ਇਮਾਰਤ ਬਣ ਰਹੀ ਹੈ, ਜਿਸ ਦੇ ਲਾਂਘੇ ਨੂੰ ਉਕਤ ਲਿਫ਼ਟ ਨਾਲ ਜੋੜਿਆ ਜਾਣਾ ਹੈ, ਜਿਸ ਕਾਰਨ ਲਿਫ਼ਟ ਬੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਇਮਾਰਤ ਦੀਆਂ ਉਪਲੀਆਂ ਮੰਜ਼ਲਾਂ 'ਤੇ ਜਾਣ ਲਈ ਲਿਫ਼ਟ ਦੀ ਜਗ੍ਹਾ ਪੌੜੀਆਂ ਦੀ ਵਰਤੋਂ ਕਰ ਸਕਦੇ ਹਨ।