ਨਸ਼ਾ ਮਾਨਸਿਕ ਰੋਗ, ਜਿਸ ਤੋਂ ਨਿਜਾਤ ਪਾਉਣਾ ਮੁਸ਼ਕਲ ਨਹੀਂ
ਮੋਹਾਲੀ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨਸ਼ੇ ਦੀ ਬੀਮਾਰੀ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਵੱਧ ਹੈ ਅਤੇ ਨਸ਼ਾ ਛੱਡਣ ਦਾ ਚਾਹਵਾਨ ਕੋਈ ਵੀ ਵਿਅਕਤੀ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰਾਂ ਨਾਲ ਸੰਪਰਕ ਕਰ ਸਕਦਾ ਹੈ ਜਾਂ ਸਿਹਤ ਵਿਭਾਗ ਦੀ ਮੈਡੀਕਲ ਹੈਲਪਲਾਈਨ 'ਤੇ ਅਪਣੀ ਤਕਲੀਫ਼ ਬਾਰੇ ਦੱਸ ਸਕਦਾ ਹੈl ਇੱਥੇ ਜਾਰੀ ਪ੍ਰੈੱਸ ਨੋਟ ਵਿਚ ਸਿਵਲ ਸਰਜਨ ਨੇ ਆਖਿਆ ਕਿ ਨਸ਼ਾਖ਼ੋਰੀ ਵੀ ਹੋਰਨਾਂ ਬੀਮਾਰੀਆਂ ਵਾਂਗ ਹੈ, ਜਿਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨਸ਼ੇ ਦੇ ਮਰੀਜ਼ਾਂ ਦੀ ਸਿਹਤਯਾਬੀ ਲਈ ਪੂਰੀ ਵਾਹ ਲਾਉਂਦਾ ਹੈ ਅਤੇ ਮਰੀਜ਼ ਨੂੰ ਵੀ ਇਸ ਜਾਨਲੇਵਾ ਬੀਮਾਰੀ ਤੋਂ ਨਿਜਾਤ ਪਾਉਣ ਲਈ ਅਪਣਾ ਮਨ ਪੱਕਾ ਕਰਨਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਮੋਹਾਲੀ ਦੇ ਸੈਕਟਰ 66 ਵਿਖੇ ਜ਼ਿਲ੍ਹਾ ਪੱਧਰੀ ਨਸ਼ਾ-ਛੁਡਾਊ ਤੇ ਮੁੜ-ਵਸੇਬਾ ਕੇਂਦਰ ਹੈ ਜਿੱਥੇ ਨਸ਼ੇ ਦੀ ਬੀਮਾਰੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ l ਨਸ਼ੇ ਦੇ ਮਰੀਜ਼ਾਂ ਨੂੰ ਇਸ ਕੇਂਦਰ ਵਿਚ ਰਹਿਣ-ਸਹਿਣ ਤੇ ਖਾਣ-ਪੀਣ ਦੀ ਮੁਫ਼ਤ ਸਹੂਲਤ ਦਿੱਤੀ ਜਾਂਦੀ ਹੈ l ਉਨ੍ਹਾਂ ਦਸਿਆ ਕਿ ਮਰੀਜ਼ਾਂ ਦਾ ਡਾਕਟਰੀ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਰੀਰਕ ਗਤੀਵਿਧੀ ਵੀ ਕਰਵਾਈ ਜਾਂਦੀ ਹੈ ਜਿਵੇਂ ਖੇਡਾਂ, ਯੋਗ, ਕਿੱਤਾਤਾਮੁਖੀ ਸਿਖਲਾਈ, ਬੂਟੇ ਲਾਉਣ ਦਾ ਕੰਮ ਆਦਿ l ਇਸ ਤੋਂ ਇਲਾਵਾ ਉਨ੍ਹਾਂ ਲਈ ਮਨੋਰੰਜਨ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਹਨ l ਉਨ੍ਹਾਂ ਦਸਿਆ ਕਿ ਮਰੀਜ਼ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਂਦੀ ਹੈ ਤਾਕਿ ਉਸ ਦੇ ਮਨ ਅੰਦਰ ਬਦਨਾਮੀ ਦਾ ਭਾਵ ਪੈਦਾ ਨਾ ਹੋਵੇ l ਡਾ. ਜੈਨ ਨੇ ਆਖਿਆ ਕਿ ਕੇਂਦਰ ਵਿਚ ਮੌਜੂਦ ਮੈਡੀਕਲ ਅਫ਼ਸਰ ਤੇ ਹੋਰ ਸਾਰੇ ਸਟਾਫ਼ ਵਲੋਂ ਮਰੀਜ਼ ਨਾਲ ਪਿਆਰ ਤੇ ਹਮਦਰਦੀ ਭਰਿਆ ਵਿਹਾਰ ਕੀਤਾ ਜਾਂਦਾ ਹੈ ਤਾਕਿ ਉਸ ਨੂੰ ਓਪਰਾਪਣ ਨਾ ਲੱਗੇ ਤੇ ਉਸ ਦਾ ਧਿਆਨ ਸਿਰਫ਼ ਨਸ਼ਾ-ਮੁਕਤੀ ਵੱਲ ਰਹੇ l
ਸਿਵਲ ਸਰਜਨ ਨੇ ਕਿਹਾ ਮਰੀਜ਼ਾਂ ਲਈ ਵੱਖ ਵੱਖ ਗਤੀਵਿਧੀਆਂ ਕਰਾਉਣ ਦਾ ਮਕਸਦ ਉਨ੍ਹਾਂ ਨੂੰ ਕੇਂਦਰ ਵਿਚ ਘਰ ਜਿਹਾ ਮਾਹੌਲ ਪ੍ਰਦਾਨ ਕਰਨਾ ਹੈ ਤਾਕਿ ਉਨ੍ਹਾਂ ਦਾ ਧਿਆਨ ਨਸ਼ਿਆਂ ਦੀ ਬੁਰੀ ਆਦਤ ਤੋਂ ਹਮੇਸ਼ਾ ਲਈ ਪਾਸੇ ਹੋਵੇ ਅਤੇ ਉਹ ਆਮ ਵਿਅਕਤੀ ਵਾਂਗ ਅਪਣੀ ਜ਼ਿੰਦਗੀ ਬਤੀਤ ਕਰ ਸਕਣ। ਇਸ ਤੋਂ ਇਲਾਵਾ ਕੌਸਲਰ ਮਰੀਜ਼ ਨੂੰ ਵੱਖ ਵੱਖ ਤਰੀਕਿਆਂ ਨਾਲ ਨਸ਼ਾ ਛੱਡਣ ਲਈ ਲਗਾਤਾਰ ਪ੍ਰੇਰਿਤ ਕਰਦੇ ਰਹਿੰਦੇ ਹਨl
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਘਰ, ਰਿਸ਼ਤੇਦਾਰੀ ਜਾਂ ਗੁਆਂਢ ਵਿਚ ਨਸ਼ੇ ਦਾ ਕੋਈ ਮਰੀਜ਼ ਹੈ ਅਤੇ ਉਹ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰੇਰਨਾ ਦੇ ਕੇ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ l