"ਪੰਜਾਬ ਸਿੱਖਿਆ ਕ੍ਰਾਂਤੀ" ਤਹਿਤ ਸੂਬੇ ਦੇ ਸਕੂਲਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ - ਮਨੀਸ਼ ਸਿਸੋਦੀਆ
ਰੂਪਨਗਰ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਤੇ ਖੇਡ ਮੈਦਾਨਾਂ ਦਾ ਨਿਰੀਖਣ ਕੀਤਾ। ਜਿਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਉਨ੍ਹਾਂ ਵਿੱਚ ਚੈੜੀਆਂ, ਬਹਿਰਾਮਪੁਰ, ਚੰਦਪੁਰ, ਡਕਾਲਾ, ਲੋਹਗੜ੍ਹ ਫਿੱਡੇ, ਥਲੀ ਦੇ ਖੇਡ ਮੈਦਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਚੱਕਲਾਂ ਸ਼ਾਮਿਲ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਹੁਲਾਰਾ ਦੇਣ ਅਤੇ ਨਸ਼ਿਆਂ ਦੇ ਖ਼ਤਰੇ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਕਰੀਬ 13000 ਪਿੰਡਾਂ ਵਿੱਚ ਇਹ ਖੇਡ ਮੈਦਾਨ ਪਿੰਡ ਦੇ ਨੌਜਵਾਨਾਂ ਦੀ ਮੰਗ ਅਨੁਸਾਰ ਬਣਾਏ ਜਾਣਗੇ ਜਿਸ ਵਿੱਚ ਫੁੱਟਬਾਲ, ਕ੍ਰਿਕਟ, ਹਾਕੀ, ਐਥਲੈਟਿਕਸ, ਵਾਲੀਬਾਲ, ਹੈਂਡਬਾਲ ਆਦਿ ਖੇਡਾਂ ਦੇ ਮੈਦਾਨ ਸ਼ਾਮਿਲ ਹੋਣਗੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਜਟ ਵਿੱਚ 979 ਕਰੋੜ ਰੁਪਏ ਰੱਖੇ ਗਏ ਹਨ। ਇਸ ਰਾਸ਼ੀ ਨਾਲ ਸਰਕਾਰ ਵੱਲੋਂ ਖੇਡ ਮੈਦਾਨਾਂ ਦੇ ਨਾਲ-ਨਾਲ ਪਿੰਡਾਂ ਵਿੱਚ ਜਿੰਮ ਵੀ ਬਣਾਏ ਜਾਣਗੇ ਜਿਸ ਨਾਲ ਨੌਜਵਾਨ ਆਪਣੀ ਸਿਹਤ ਵੱਲ ਧਿਆਨ ਦੇ ਸਕਣਗੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਨੌਜਵਾਨ ਵਰਗ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਜਿਥੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਉਥੇ ਹੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਵੀ ਦਿੱਤਾ ਗਿਆ ਹੈ ਤਾਂ ਜੋ ਖਿਡਾਰੀਆਂ ਦਾ ਭਵਿੱਖ ਉਜਵਲ ਬਣ ਸਕੇ।
ਸਰਕਾਰੀ ਪ੍ਰਾਇਮਰੀ ਸਕੂਲ ਚੱਕਲਾਂ ਦਾ ਦੌਰਾ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ, ਜਦੋਂ ਅਸੀਂ ਇਸ ਸਕੂਲ ਦਾ ਦੌਰਾ ਕੀਤਾ ਸੀ ਤਾਂ ਅਸੀਂ ਟੁੱਟੀਆਂ ਕੰਧਾਂ ਵਾਲੇ ਸਕੂਲ ਵੇਖੇ, ਨਾ ਬੈਂਚ, ਨਾ ਬਾਥਰੂਮ ਅਤੇ ਨਾ ਹੀ ਸਾਫ਼ ਪੀਣ ਵਾਲਾ ਪਾਣੀ ਸੀ ਪਰ ਅੱਜ ਇਸ ਸਕੂਲ ਵਿੱਚ ਵੱਡੇ ਪੱਧਰ 'ਤੇ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਕੂਲ ਵਿੱਚ ਵਿਦਿਆਰਥੀਆ ਕੋਲ ਬੈਠਣ ਲਈ ਬੈਂਚ, ਖੇਡ ਮੈਦਾਨ, ਪਖਾਨੇ, ਉੱਚ-ਤਕਨੀਕੀ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ ਅਤੇ ਸੁਰੱਖਿਅਤ ਚਾਰਦੀਵਾਰੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੇ ਸਕੂਲਾਂ ਨੂੰ ਹੋਰ ਵੀ ਜਿਆਦਾ ਬਿਹਤਰ ਬਣਾਇਆ ਜਾਵੇਗਾ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਚੰਗੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਧ ਤੋਂ ਵੱਧ ਉਪਰਾਲੇ ਕਰ ਰਹੀ ਹੈ ਤਾਂ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਇਸ ਮੌਕੇ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਿਸ ਚੰਦਰਜਯੋਤੀ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਇੰਮਪਰੂਵਮੈਂਟ ਟਰੱਸਟ ਰੂਪਨਗਰ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਅਤੇ ਪਾਰਟੀ ਵਰਕਰ ਹਾਜ਼ਰ ਸਨ।