ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖਸ਼ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਵਿਖੇ ਹੋਈ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਉੱਪਰ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮਾਨ ਸਰਕਾਰ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪੈਨਸ਼ਨਰ ਆਗੂਆਂ ਗੁਰਬਖਸ਼ ਸਿੰਘ ਜਖੇਪਲ, ਚੇਤ ਰਾਮ ਢਿੱਲੋਂ, ਕਾਮਰੇਡ ਮੋਹਨ ਲਾਲ ਅਤੇ ਪ੍ਰੇਮ ਅਗਰਵਾਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਬਹੁਤ ਹੀ ਘਟੀਆ ਅਤੇ ਮਾੜੀ ਸੋਚ ਵਾਲ਼ੀ ਸਰਕਾਰ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ ਏ 55% ਹੋ ਗਿਆ ਹੈ ਪਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਿਰਫ਼ 42% ਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਮੈਡੀਕਲ ਭੱਤਾ 3000 ਰੁਪਏ ਕੀਤਾ ਜਾਵੇ ਕਿਉਕਿ ਡਾਕਟਰਾਂ ਨੇ ਵੀ ਚੈਕ ਅੱਪ ਕਰਨ ਦੀ ਫ਼ੀਸ ਵਿੱਚ ਤਿੰਨ ਗੁਣਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਦਵਾਈਆਂ ਦੇ ਰੇਟ ਵੀ ਚਾਰ ਗੁਣਾ ਵਧ ਗਏ ਹਨ। ਉਨ੍ਹਾਂ ਆਖਿਆ ਕਿ ਪਹਿਲੀ ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2/59 ਦੇ ਫੈਕਟਰ ਵਿੱਚ ਪੈਨਸ਼ਨ ਫਿਕਸ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਇਸ ਮੌਕੇ ਗਿਰਧਾਰੀ ਲਾਲ ਜਿੰਦਲ, ਮਦਨ ਲਾਲ ਬਾਂਸਲ, ਗੰਗਾ ਰਾਮ, ਚਮਕੌਰ ਸਿੰਘ ਸਿੱਧੂ, ਪ੍ਰਕਾਸ਼ ਸਿੰਘ ਕੰਬੋਜ, ਰਤਨ ਲਾਲ, ਜਗਦੇਵ ਸਿੰਘ ਚੀਮਾਂ, ਸੁਖਦੇਵ ਸਿੰਘ ਚੀਮਾਂ, ਰਜਿੰਦਰ ਕੁਮਾਰ, ਕਰਮ ਸਿੰਘ ਛਾਜਲੀ, ਕੁਲਦੀਪ ਪਾਠਕ, ਰਜਿੰਦਰ ਕੁਮਾਰ ਥਾਣੇਦਾਰ ਆਦਿ ਪੈਨਸ਼ਨਰਜ਼ ਹਾਜ਼ਰ ਸਨ।