ਭੁਵਨੇਸ਼ਵਰ/ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭੁਵਨੇਸ਼ਵਰ ਪਹੁੰਚੇ ਅਤੇ ਇਥੇ ਬੈਠਕ ਵਿਚ ਚੱਕਰਵਾਤ ਯਾਸ ਨਾਲ ਉੜੀਸਾ ਦੇ ਵੱਖ ਵੱਖ ਹਿੱਸਿਆਂ ਵਿਚ ਹੋਏ ਨੁਕਸਾਨ ਦੀ ਸਮੀਖਿਆ ਕੀਤੀ। ਇਸ ਦੌਰਾਨ ਉੜੀਸਾ ਸਰਕਾਰ ਨੇ ਵਾਰ ਵਾਰ ਆਉਣ ਵਾਲੀ ਚੱਕਰਵਾਤ ਦੀ ਸਮੱਸਿਆ ਦੇ ਲੰਮੇ ਸਮੇਂ ਦੇ ਹੱਲ ’ਤੇ ਜ਼ੋਰ ਪਾਇਆ। ਸਮੀਖਿਆ ਬੈਠਕ ਦੇ ਬਾਅਦ ਉੜੀਸਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਪੀ ਕੇ ਜੇਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਜ ਸਰਕਾਰ ਨੇ ਆਫ਼ਤ ਪ੍ਰਬੰਧਨ ਵਿਚ ਹੋਏ ਖ਼ਰਚੇ ਲਈ ਕੋਈ ਫ਼ੌਰੀ ਰਾਹਤ ਕੋਸ਼ ਦੀ ਮੰਗ ਨਹੀਂ ਕੀਤੀ ਸਗੋਂ ਲੰਮੇ ਸਮੇਂ ਦੇ ਹੱਲ ’ਤੇ ਜ਼ੋਰ ਦਿਤਾ ਕਿਉਂਕਿ ਉੜੀਸਾ ਵਿਚ ਆਏ ਦਿਨ ਚੱਕਰਵਾਤੀ ਤੂਫ਼ਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਠਕ ਮਗਰੋਂ ਪ੍ਰਧਾਨ ਮੰਤਰੀ ਬਾਲਾਸੋਰ ਅਤੇ ਭਰਦਕ ਦੇ ਪ੍ਰਭਾਵਤ ਇਲਾਕਿਆਂ ਦੇ ਹਵਾਈ ਸਰਵੇ ਲਈ ਗਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬੰਗਾਲ ਚਲੇ ਗਏ ਜਿਥੇ ਉਨ੍ਹਾਂ ਨੇ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇ ਕੀਤਾ। ਮੋਦੀ ਨੇ ਸਮੀਖਿਆ ਬੈਠਕ ਵੀ ਕੀਤੀ ਅਤੇ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੂੰ ਪ੍ਰਭਾਵਤ ਇਲਾਕਿਆਂ ਵਿਚ ਹੋਏ ਨੁਕਸਾਨ ਦੀ ਅਧਿਕਾਰੀਆਂ ਵਲੋਂ ਨਾਲੋ-ਨਾਲ ਜਾਣਕਾਰੀ ਦਿਤੀ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਮੀਖਿਆ ਬੈਠਕ ਵੀ ਕੀਤੀ ਜਿਸ ਵਿਚ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਪ੍ਰਭਾਵਤ ਰਾਜਾਂ ਵਿਚ ਹੋਏ ਨੁਕਸਾਨ ਲਈ ਛੇਤੀ ਹੀ ਰਾਹਤ ਪੈਕੇਜ ਐਲਾਨਿਆ ਜਾ ਸਕਦਾ ਹੈ। ਉੜੀਸਾ ਵਿਚ ਪ੍ਰਧਾਨ ਮੰਤਰੀ ਨਾਲ ਮੌਜੂਦ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਕਿਹਾ, ‘ਕੇਂਦਰ ਸਰਕਾਰ ਉੜੀਸਾ ਨਾਲ ਖਡੀ ਹੈ। ਰਾਜ ਸਰਕਾਰ ਨੇ ਕੋਈ ਫ਼ੌਰੀ ਮਦਦ ਦੀ ਮੰਗ ਨਹੀਂ ਕੀਤੀ ਪਰ ਪੱਕੇ ਹੱਲ ’ਤੇ ਜ਼ੋਰ ਦਿਤਾ ਹੈ।