ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਹੁਣ ਦੇਸ਼ ਵਿਚ ਅਨਲਾਕ ਦੀ ਸ਼ੁਰੂਆਤ ਹੋਣ ਵਾਲੀ ਹੈ। ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਯੂਪੀ ਵਿਚ ਲਾਕਡਾਊਨ ਖ਼ਤਮ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ। ਛੱਤੀਸਗੜ੍ਹ ਦੇ ਕਈ ਜ਼ਿਲਿ੍ਹਆਂ ਵਿਚ ਅਨਲਾਕ ਦੀ ਸ਼ੁਰੂਆਤ ਹੋ ਚੁਕੀ ਹੈ। ਹੁਣ ਸਮੋਵਾਰ ਸਵੇਰੇ 5 ਵਜੇ ਤੋਂ ਰਾਜਧਾਨੀ ਦਿੱਲੀ ਵਿਚ ਲਾਕਡਾਊਨ ਖੁਲ੍ਹਣਾ ਸ਼ੁਰੂ ਹੋਵੇਗਾ। ਇਸ ਦੇ ਬਾਅਦ 1 ਜੂਨ ਤੋਂ ਮੱਧ ਪ੍ਰਦੇਸ਼ ਅਤੇ ਯੂਪੀ ਵਿਚ ਅਨਲਾਕ ਦੀ ਸ਼ੁਰੂਆਤ ਹੋਵੇਗੀ। ਜ਼ਿਆਦਾਤਰ ਰਾਜ ਹੌਲੀ ਹੌਲੀ ਅਨਲਾਕ ਦੀ ਕਵਾਇਦ ਨੂੰ ਅੱਗੇ ਵਧਾਉਣਗੇ। ਪਹਿਲੇ ਫ਼ੇਜ਼ ਵਿਚ ਕਰਿਆਨਾ, ਫੱਲ ਅਤੇ ਸਬਜ਼ੀ ਜਿਹੇ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਖੋਲਿ੍ਹਆ ਜਾ ਸਕਦਾ ਹੈ। ਰਾਜਸਥਾਨ ਸਰਕਾਰ ਨੇ 1 ਜੂਨ ਤੋਂ ਅਨਲਾਕ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਹੈ। ਇਸ ਨੂੰ ਮਿਨੀ ਅਨਲਾਕ ਨਾਮ ਦਿਤਾ ਗਿਆ ਹੈ। ਪਹਿਲੇ ਪੜਾਅ ਵਿਚ ਬਾਜ਼ਾਰ ਵਿਚ ਸੀਮਤ ਗਿਣਤੀ ਵਿਚ ਦੁਕਾਨਾਂ ਖੁਲ੍ਹਣਗੀਆਂ। ਗ੍ਰਹਿ ਵਿਭਾਗ ਇਸ ਦੀ ਦਿਸ਼ਾ-ਨਿਰਦੇਸ਼ ਤਿਆਰ ਕਰ ਰਿਹਾ ਹੈ। ਮੱਧ ਪ੍ਰਦੇਸ਼ ਦੇ ਭੋਪਾਲ, ਇੰਦੌਰ ਸਮੇਤ ਪੂਰੇ ਮੱਧ ਪ੍ਰਦੇਸ਼ ਵਿਚ 1 ਜੂਨ ਤੋਂ ਅਨਲਾਕ ਦੀ ਸ਼ੁਰੂਆਤ ਹੋਣ ਵਾਲੀ ਹੈ। ਪਹਿਲੇ ਫ਼ੇਜ਼ ਵਿਚ ਸੈਲੂਨ, ਕਰਿਆਨਾ ਦੁਕਾਨਾਂ ਦੇ ਨਾਲ ਹੀ ਫੱਲ ਅਤੇ ਸਬਜ਼ੀ ਦੀਆਂ ਦੁਕਾਨਾਂ ਨੂੰ ਛੋਟ ਦਿਤੀ ਜਾ ਸਕਦੀ ਹੈ। ਰੈਸਟੋਰੈਂਟ ਅਤੇ ਹੋਟਲ ਫ਼ਿਲਹਾਲ ਬੰਦ ਰਹਿਣਗੇ। ਪ੍ਰਾਈਵੇਟ ਕੰਪਨੀ, ਪਾਨ ਦੀਆਂ ਦੁਕਾਨਾਂ, ਸਕੂਲ, ਸਮਾਰੋਹ ਵਿਚ ਲੋਕਾਂ ਦੀ ਗਿਣਤੀ ਅਤੇ ਉਸਾਰੀ ਖੇਤਰ ਸਮੇਤ ਹੋਰ ਸੈਕਟਰ ਖੋਲ੍ਹਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਿੱਲੀ ਵਿਚ ਵੀ ਛੋਟਾਂ ਦਿਤੀਆਂ ਜਾ ਸਕਦੀਆਂ ਹਨ। ਪੰਜਾਬ ਵਿਚ ਪਾਬੰਦੀਆਂ ਵਿਚ ਵਾਧਾ 10 ਜੂਨ ਤਕ ਕਰ ਦਿਤਾ ਗਿਆ ਹੈ, ਸੋ ਪੰਜਾਬ ਵਿਚ ਅਨਲਾਕ ਕਵਾਇਦ ਫ਼ਿਲਹਾਲ ਸ਼ੁਰੂ ਨਹੀਂ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਆਮ ਦੁਕਾਨਦਾਰ, ਮਜ਼ਦੂਰ, ਦਿਹਾੜੀਦਾਰ ਅਤੇ ਹੋਰ ਲੋਕ ਲਾਕਡਾਊਨ ਵਿਰੁਧ ਖੁਲ੍ਹ ਕੇ ਬੋਲ ਰਹੇ ਹਨ ਅਤੇ ਕਈ ਥਾਈਂ ਸੜਕਾਂ ’ਤੇ ਆ ਕੇ ਵਿਰੋਧ ਵੀ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ਨੇ ਉਨ੍ਹਾਂ ਦੀ ਆਰਥਕ ਹਾਲਤ ਨੂੰ ਖ਼ਰਾਬ ਕਰ ਕੇ ਰੱਖ ਦਿਤਾ ਹੈ।