ਪਟਿਆਲਾ : ਕੈਨੇਡਾ ਵਸਦੇ ਬਹੁ-ਵਿਧਾਵੀ ਪੰਜਾਬੀ ਲੇਖਕ ਸ. ਵਰਿਆਮ ਸਿੰਘ ਸੰਧੂ ਨੇ ਅੱਜ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਫੇਰੀ ਪਾਈ। ਭਾਸ਼ਾ ਵਿਭਾਗ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਵਿਭਾਗ ਦੇ ਅਧਿਕਾਰੀਆਂ ਨੇ ਸ. ਸੰਧੂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਕੁਲਵੰਤ ਸਿੰਘ ਸੰਧੂ ਜਲੰਧਰ, ਡਾ. ਬਲਵਿੰਦਰ ਸਿੰਘ ਗਰੇਵਾਲ ਖੰਨਾ, ਡਾ. ਬਲਦੇਵ ਸਿੰਘ ਧਾਲੀਵਾਲ ਪਟਿਆਲਾ, ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਹਰਪ੍ਰੀਤ ਸਿੰਘ ਖੋਜ ਸਹਾਇਕ ਵੀ ਹਾਜ਼ਰ ਸਨ।
ਇਸ ਮੌਕੇ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸ. ਵਰਿਆਮ ਸਿੰਘ ਸੰਧੂ ਨੇ ਕਹਾਣੀ, ਕਵਿਤਾ, ਸਫ਼ਰਨਾਮਾ, ਜੀਵਨੀ, ਸੰਪਾਦਨ ਅਤੇ ਆਲੋਚਨਾ ਦੇ ਖੇਤਰ ’ਚ ਵੱਡਮੁੱਲੀਆਂ ਰਚਨਾਵਾਂ ਸਿਰਜੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਹੀ ਪੰਜਾਬੀ ਸਾਹਿਤ ਦਾ ਅਨਮੋਲ ਸਰਮਾਇਆ ਮੰਨੇ ਜਾਂਦੇ ਲੇਖਕਾਂ ’ਚ ਸ਼ਾਮਲ ਕੀਤਾ ਜਾਵੇਗਾ ਹੈ। ਸ. ਜ਼ਫ਼ਰ ਨੇ ਕਿਹਾ ਸ. ਸੰਧੂ ਨੇ ਜਿਸ ਵੀ ਵਿਧਾ ’ਚ ਵੀ ਲਿਖਿਆ ਹੈ ਕਦੇ ਵੀ ਯਥਾਰਥਕਤਾ ਅਤੇ ਸੰਜੀਦਗੀ ਦਾ ਪੱਲਾ ਨਹੀਂ ਛੱਡਿਆ। ਸ. ਸੰਧੂ ਭਾਵੇਂ ਮਾਝੇ ਦੇ ਪਿੰਡ ਸੁਰ ਸਿੰਘ ਦੇ ਜੰਮਪਲ ਹਨ ਪਰ ਉਨ੍ਹਾਂ ਨੇ ਹਰ ਮਨੁੱਖੀ ਜਨਜੀਵਨ ਦੇ ਹਰ ਪੱਖਾਂ ਨਾਲ ਸਬੰਧਤ ਸਾਹਿਤ ਸਿਰਜਿਆ ਹੈ। ਇਸ ਮੌਕੇ ਸ. ਵਰਿਆਮ ਸਿੰਘ ਸੰਧੂ ਨੇ ਭਾਸ਼ਾ ਵਿਭਾਗ ਪੰਜਾਬ ਦੀ ਅਮੀਰ ਸਾਹਿਤਕ ਵਿਰਾਸਤ ਦੀ ਸ਼ਲਾਘਾ ਕਰਦਿਆ ਆਪਣੀਆਂ ਵਿਭਾਗ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਸੰਸਥਾਵਾਂ ’ਚ ਭਾਸ਼ਾ ਵਿਭਾਗ ਦਾ ਨਾਮ ਮਾਣ ਨਾਲ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਭਾਵੇਂ ਵਿਦੇਸ਼ ’ਚ ਵਸਦੇ ਹਨ ਪਰ ਉਨ੍ਹਾਂ ਦੀਆਂ ਸਾਹਿਤਕ ਕ੍ਰਿਤਾਂ ’ਚੋਂ ਸਦਾ ਹੀ ਪੰਜਾਬ ਦੀ ਖੁਸ਼ਬੋ ਆਉਂਦੀ ਰਹੇਗੀ। ਉਨ੍ਹਾਂ ਆਪਣੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਕਾਵਿ ਪੁਸਤਕ ‘ਵਰਿ੍ਹਆਂ ਪਿੱਛੋਂ’ ’ਚੋਂ ਕੁਝ ਰਚਨਾਵਾਂ ਵੀ ਸੁਣਾਈਆਂ। ਵਿਭਾਗ ਵੱਲੋਂ ਡਾ. ਜਸਵੰਤ ਸਿੰਘ ਜ਼ਫਰ ਨੇ ਸ. ਸੰਧੂ ਨੂੰ ਵਿਭਾਗੀ ਸ਼ਾਲ ਅਤੇ ਉਨ੍ਹਾਂ ਦੇ ਪਿੰਡ ਦੀ ਸਰਵੇ ਪੁਸਤਕ ‘ਸੁਰ ਸਿੰਘ’ ਭੇਂਟ ਕਰਕੇ ਸਤਿਕਾਰ ਦਿੱਤਾ। ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਤਸਵੀਰ:- ਨਾਮਵਰ ਲੇਖਕ ਸ. ਵਰਿਆਮ ਸਿੰਘ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ, ਨਾਲ ਹਨ ਪੰਜਾਬੀ ਦੀਆਂ ਵਿਦਵਾਨ ਸ਼ਖਸ਼ੀਅਤਾਂ।