ਬਲਰਾਮਪੁਰ : ਗੰਗਾ ਕੰਢੇ ਮਿਲੀਆਂ ਲਾਸ਼ਾਂ ਬਾਅਦ ਯੂਪੀ ਦੇ ਬਲਰਾਮਪੁਰ ਵਿਚ ਕੋਵਿਡ ਮ੍ਰਿਤਕ ਦਾ ਅੰਤਮ ਸਸਕਾਰ ਕਰਨ ਦੀ ਬਜਾਏ ਘਰ ਵਾਲਿਆਂ ਨੇ ਉਸ ਦੀ ਲਾਸ਼ ਨੂੰ ਰਾਪਤੀ ਨਦੀ ਵਿਚ ਸੁੱਟ ਦਿਤਾ। ਤਸਵੀਰ ਵਿਚ ਦੋ ਜਣੇ ਲਾਸ਼ ਨੂੰ ਪੁਲ ਤੋਂ ਹੇਠਾਂ ਨਦੀ ਵਿਚ ਸੁੱਟਦੇ ਦਿਸ ਰਹੇ ਹਨ। ਇਨ੍ਹਾਂ ਵਿਚੋਂ ਇਕ ਨੇ ਪੀਪੀਈ ਕਿੱਟ ਪਾਈ ਹੋਈ ਹੈ। ਇਹ ਘਟਨਾ ਕੋਤਵਾਲੀ ਥਾਣਾ ਇਲਾਕੇ ਵਿਚ ਰਾਪਤੀ ਨਦੀ ’ਤੇ ਬਣੇ ਸਿਸਈ ਘਾਟ ਪੁਲ ਦੀ ਹੈ। ਲਾਸ਼ ਨੂੰ ਹੇਠਾਂ ਸੁੱਟੇ ਜਾਣ ਸਮੇਂ ਉਥੋਂ ਲੰਘ ਰਹੇ ਕਿਸੇ ਵਿਅਕਤੀ ਨੇ ਵੀਡੀਓ ਬਣਾ ਲਈ ਜੋ ਸੋਸ਼ਲ ਮੀਡੀਆ ਵਿਚ ਪਾ ਦਿਤੀ। ਲਾਸ਼ ਸੁੱਟਣ ਵਾਲਿਆਂ ਦੀ ਪਛਾਣ ਹੋ ਗਈ ਹੈ। ਇਹ ਮ੍ਰਿਤਕ ਦੇ ਪਰਵਾਰ ਦੇ ਜੀਅ ਹਨ। ਇਨ੍ਹਾਂ ਵਿਚੋਂ ਇਕ ਹੈਲਥ ਵਰਕਰ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੋਹਾਂ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ। ਸੀਐਮਓ ਡਾ. ਵਿਜੇ ਬਹਾਦਰ ਸਿੰਘ ਨੇ ਦਸਿਆ ਕਿ ਰਾਪਤੀ ਨਦੀ ਵਿਚ ਸੁੱਟੀ ਗਈ ਲਾਸ਼ ਜ਼ਿਲ੍ਹੇ ਦੇ ਸ਼ੋਹਰਤਗੜ੍ਹ ਦੇ ਰਹਿਣ ਵਾਲੇ ਪ੍ਰੇਮ ਨਾਥ ਮਿਸ਼ਰਾ ਦੀ ਹੈ। 25 ਮਈ ਨੂੰ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਅਤੇ 28 ਮਈ ਨੂੰ ਕੋਰੋਨਾ ਦੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਲਾਸ਼ ਉਸ ਦੇ ਘਰ ਵਾਲਿਆਂ ਨੂੰ ਸੌਂਪ ਦਿਤੀ ਗਈ ਸੀ।