ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਸਤਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਨਾਲ ਸਬੰਧਤ ਵੱਖ ਵੱਖ ਪੱਖਾਂ ’ਤੇ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਇਸ ਦੌਰਾਨ ਦੇਸ਼ ਨੇ ਕਿੰਨੇ ਹੀ ਕੌਮੀ ਮਾਣ ਦੇ ਪਲ ਮਹਿਸੂਸ ਕੀਤੇ। ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ਵਾਸੀਆਂ ਨਾਲ ਸੰਵਾਦ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਭਾਰਤ ਨੇ ਕਿਸੇ ਵੀ ਦਬਾਅ ਵਿਚ ਆਏ ਬਿਨਾਂ ਅਪਣੇ ਸੰਕਲਪਾਂ ਨਾਲ ਕਦਮ ਚੁਕਿਆ ਅਤੇ ਦੇਸ਼ ਵਿਰੁਧ ਸਾਜ਼ਸ਼ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿਤਾ। ਉਨ੍ਹਾਂ ਕਿਹਾ, ‘ਇਨ੍ਹਾਂ ਸੱਤ ਸਾਲਾਂ ਵਿਚ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਮੰਤਰ ’ਤੇ ਚਲਿਆ ਹੈ। ਦੇਸ਼ ਦੀ ਸੇਵਾ ਵਿਚ ਹਰ ਪਲ ਸਮਰਪਿਤ ਭਾਵ ਨਾਲ ਅਸੀਂ ਸਾਰਿਆਂ ਨਾਲ ਕੰਮ ਕੀਤਾ ਹੈ।’ ਮੋਦੀ ਨੇ ਕਿਹਾ ਕਿ ਇਨ੍ਹਾਂ ਸੱਤ ਸਾਲਾਂ ਵਿਚ ਜੋ ਕੁਝ ਵੀ ਉਪਲਭਧੀ ਰਹੀ ਹੈ, ਉਹ ਦੇਸ਼ ਅਤੇ ਦੇਸ਼ਵਾਸੀਆਂ ਦੀ ਰਹੀ ਹੈ। ਉਨ੍ਹਾਂ ਕਿਹਾ, ‘ਕਿੰਨੇ ਹੀ ਕੌਮੀ ਮਾਣ ਦੇ ਪਲ ਅਸੀਂ ਇਨ੍ਹਾਂ ਸਾਲਾਂ ਵਿਚ ਨਾਲ ਮਿਲ ਕੇ ਮਹਿਸੂਸ ਕੀਤੇ ਹਨ। ਜਦ ਅਸੀਂ ਇਹ ਵੇਖਦੇ ਹਾਂ ਕਿ ਹੁਣ ਭਾਰਤ ਦੂਜੇ ਦੇਸ਼ਾਂ ਦੀ ਸੋਚ ਅਤੇ ਉਨ੍ਹਾਂ ਦੇ ਦਬਾਅ ਵਿਚ ਨਹੀਂ, ਅਪਣੇ ਸੰਕਲਪ ਨਾਲ ਚਲਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਮਾਣ ਹੁੰਦਾ ਹੈ।’ ਉਨ੍ਹਾਂ ਕਿਹਾ, ‘ਜਦ ਭਾਰਤ ਕੌਮੀ ਸੁਰੱਖਿਆ ਦੇ ਮੁੱਦਿਆਂ ’ਤੇ ਸਮਝੌਤਾ ਨਹੀਂ ਕਰਦਾ, ਜਦ ਸਾਡੀਆਂ ਫ਼ੌਜਾਂ ਦੀ ਤਾਕਤ ਵਧਦੀ ਹੈ ਤਾਂ ਸਾਨੂੰ ਲਗਦਾ ਹੈ ਕਿ ਹਾਂ, ਅਸੀਂ ਸਹੀ ਰਸਤੇ ’ਤੇ ਹਾਂ।’ ਪਿਛਲੇ ਸੱਤ ਸਾਲਾਂ ਵਿਚ ਬਿਜਲੀ, ਪਾਣੀ, ਸੜਕ ਦੇ ਇਲਾਵਾ ਬੈਂਕ ਖਾਤੇ ਖੋਲ੍ਹਣ ਅਤੇ ਮਕਾਨ ਸਮੇਤ ਵੱਖ ਵੱਖ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸੱਤ ਸਾਲਾਂ ਵਿਚ ਲੋਕਾਂ ਦੀਆਂ ਕਰੋੜਾਂ ਖ਼ੁਸ਼ੀਆਂ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਆਯੁਸ਼ਮਾਨ ਭਾਰਤ ਸਿਹਤ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਡਿਜੀਟਲ ਲੈਣ-ਦੇਣ ਬਾਰੇ ਵੀ ਗੱਲਬਾਤ ਕੀਤੀ।