ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਕਲੇਸ਼ ਦਾ ਮਾਮਲਾ ਹੁਣ ਦਿੱਲੀ ਦਰਬਾਰ ਪਹੁੰਚ ਗਿਆ ਹੈ। ਬੇਅਦਬੀ ਅਤੇ ਹੋਰ ਮਾਮਲਿਆਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਸਮੇਂ ਤੋਂ ਨਿਸ਼ਾਨਾ ਬਣਾ ਰਹੇ ਕੈਬਨਿਟ ਮੰਤਰੀ ਅਤੇ ਵਿਧਾਇਕ ਹੁਣ ਉਮੀਦ ਕਰਨ ਲੱਗੇ ਹਨ ਕਿ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਜਾਵੇਗਾ। ਕਾਂਗਰਸ ਹਾਈ ਕਮਾਨ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੋਈ ਹੈ ਜਿਸ ਨੇ ਸੂਬੇ ਦੇ 25 ਕਾਂਗਰਸੀ ਆਗੂਆਂ ਨੂੰ ਮੀਟਿੰਗ ਲਈ ਦਿੱਲੀ ਬੁਲਾਇਆ ਹੈ। ਇਹ ਸੱਦਾ ਪੰਜਾਬ ਕਾਂਗਰਸ ਦੇ ਦਫ਼ਤਰ ਤੋਂ ਭੇਜਿਆ ਗਿਆ ਹੈ। ਮੀਟਿੰਗਾਂ ਦਾ ਦੌਰ ਤਿੰਨ ਤੱਕ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਤੱਕ ਚੱਲੇਗਾ ਤੇ ਇਕੱਲੇ ਇਕੱਲੇ ਆਗੂ ਨਾਲ ਕਮੇਟੀ ਮੁਲਾਕਾਤ ਕਰੇਗੀ। ਜਿਹੜੇ ਆਗੂ ਬੁਲਾਏ ਗਏ ਹਨ, ਉਹਨਾਂ ਵਿਚ ਮੰਤਰੀ, ਵਿਧਾਇਕ, ਐਮ ਪੀ ਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਸ਼ਾਮਲ ਹਨ। ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਜਿਥੇ ਪ੍ਰਤਾਪ ਸਿੰਘ ਬਾਜਵਾ ਨੇ ਆਗੂਆਂ ਨੂੰ ਜ਼ਮੀਰ ਦੀ ਆਵਾਜ਼ ਸੁਣਨ ਤੇ ਦਲੇਰ ਬਣਨ ਦਾ ਸੱਦਾ ਦਿੱਤਾ ਹੈ, ਉਥੇ ਹੀ ਪਰਗਟ ਸਿੰਘ ਵੱਲੋਂ ਫੇਸਬੁੱਕ 'ਤੇ 'ਅਹਿਮ ਮੁੱਦੇ ਖਾਸ ਗੱਲਬਾਤ, ਪੰਜਾਬੀ ਹਾਂ, ਗੱਲ ਕਰਾਂਗੇ ਪੰਜਾਬੀ' ਦਾ ਪੋਸਟਰ ਵੀ ਪਾਇਆ ਹੈ।
ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਕਿਹੜਾ ਆਗੂ ਕਮੇਟੀ ਨੂੰ ਕੀ ਕਹਿੰਦਾ ਹੈ ਤੇ ਇਹ ਸਾਰੀ ਪ੍ਰਕਿਰਿਆ ਦਾ ਨਤੀਜਾ ਕੀ ਨਿਕਲਦਾ ਹੈ। ਇਹ ਵੀ ਪਤਾ ਲੱਗਾ ਹੈ ਕੁਝ ਨੇਤਾ ਬਾਕਾਇਦਾ ਲਿਖਤੀ ਰੂਪ 'ਚ ਆਪਣਾ ਪੱਖ ਤਿਆਰ ਕਰ ਕੇ ਲਿਜਾ ਰਹੇ ਹਨ ਜਦੋਂ ਕਿ ਬਾਕੀ ਜ਼ੁਬਾਨੀ ਹੀ ਆਪਣਾ ਪੱਖ ਰੱਖਣਗੇ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਐਲਾਨ ਕੀਤਾ ਸੀ ਕਿ ਨਾ ਤਾਂ ਨਵਜੋਤ ਸਿੰਘ ਸਿੱਧੂ ਵਿਰੁਧ ਕਾਰਵਾਈ ਹੋਵੇਗੀ ਅਤੇ ਨਾ ਹੀ ਮੁੱਖ ਮੰਤਰੀ ਨੂੰ ਹਟਾਇਆ ਜਾਵੇਗਾ। ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਪਿਆ ਕਲੇਸ਼ ਜਿਥੇ ਪਾਰਟੀ ਲਈ ਨਮੋਸ਼ੀ ਦਾ ਕਾਰਨ ਬਣ ਰਿਹਾ ਹੈ, ਉਥੇ ਆਮ ਲੋਕਾਂ ਲਈ ਵੀ ਦਿਲਚਸਪੀ ਦਾ ਕਾਰਨ ਬਣਿਆ ਹੋਇਆ ਹੈ ਜਦਕਿ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਕਾਂਗਰਸ ਪਾਰਟੀ ਨੇ ਅਪਣੇ ਕੀਤੇ ਵਾਅਦਿਆਂ ਅਤੇ ਲੋਕ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਇਹ ਡਰਾਮਾ ਛੇੜਿਆ ਹੋਇਆ ਹੈ।