ਨਵੀਂ ਦਿੱਲੀ: ਪੂਰੇ ਦੇਸ਼ ਵਿਚ ਵੱਧ ਰਹੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਅਜਿਹੇ ਵਿਚ ਹਰ ਕਿਸੇ ਨੂੰ ਬਰਸਾਤ ਦੀ ਉਡੀਕ ਰਹਿੰਦੀ ਹੈ ਯਾਨੀ ਕਿ ਮਾਨਸੂਨ। ਪਰ ਫਿ਼ਲਹਾਲ ਇਸ ਵਾਰ ਮਾਨਸੂਨ ਆਉਣ ਵਿਚ ਕੁੱਝ ਦੇਰੀ ਹੋ ਸਕਦੀ ਹੈ। ਮਾਨਸੂਨ ਆਉਣ ਸਬੰਧੀ ਸਰਕਾਰੀ ਅਤੇ ਨਿਜੀ ਕੰਪਨੀ ਦੇ ਅਨੁਮਾਨ ਮੇਲ ਨਹੀਂ ਖਾ ਰਹੇ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਕੇਰਲ ਦੇ ਦੱਖਣ-ਪੱਛਮ 'ਚ ਮੌਨਸੂਨ ਦੀ ਆਮਦ ਵਿੱਚ ਦੋ ਦਿਨਾਂ ਦੀ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐੱਮ. ਮਹਾਪਾਤਰਾ ਨੇ ਕਿਹਾ ਕਿ ਕਰਨਾਟਕ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕੇ 'ਚ ਚੱਕਰਵਾਤੀ ਤੂਫ਼ਾਨ ਕਾਰਣ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਵਿੱਚ ਰੁਕਾਵਟ ਪਈ ਹੈ। ਹੁਣ ਇਸ ਦੇ ਸੂਬੇ ਦੇ ਸਮੁੰਦਰੀ ਕੰਢੇ ਨਾਲ ਆਉਂਦੀ 3 ਜੂਨ ਤੱਕ ਟਕਰਾਉਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਂਝ ਮੌਸਮ ਦਾ ਅਗਾਊਂ ਹਾਲ ਦੱਸਣ ਵਾਲੀ ਇੱਕ ਨਿਜੀ ਏਜੰਸੀ 'ਸਕਾਈਮੈੱਟ ਵੈਦਰ' ਨੇ ਕਿਹਾ ਕਿ ਮੌਨਸੂਨ ਤਾਂ ਕੇਰਲ ਵਿੱਚ ਦਸਤਕ ਦੇ ਵੀ ਚੁੱਕੀ ਹੈ। ਇਸ ਸਬੰਧੀ 'ਸਕਾਈਮੈੱਟ ਵੈਦਰ' ਦੇ ਚੇਅਰਮੈਨ ਜੀਪੀ ਸ਼ਰਮਾ ਨੇ ਕਿਹਾ ਕਿ ਇਸ ਵਰ੍ਹੇ ਮੌਸਮ ਦੀ ਸ਼ੁਰੂਆਤ ਬਹੁਤ ਕਮਜ਼ੋਰ ਹੈ। ਦੱਸ ਦੇਈਏ ਕਿ 'ਸਕਾਈਮੈੱਟ ਵੈਦਰ' ਨੇ ਪੂਰਵ ਅਨੁਮਾਨ ਲਾਇਆ ਸੀ ਕਿ ਮੌਨਸੂਨ ਕੇਰਲ 'ਚ 30 ਮਈ ਨੂੰ ਦਸਤਕ ਦੇਵੇਗੀ। ਸਰਕਾਰੀ ਮੋਸਮ ਵਿਭਾਗ ਨੇ ਅੱਗੇ ਕਿਹਾ ਕਿ ਇੱਕ ਜੂਨ ਤੋਂ ਦੱਖਣ-ਪੱਛਮੀ ਹਵਾਵਾਂ ਹੌਲੀ-ਹੌਲੀ ਜ਼ੋਰ ਫੜ ਸਕਦੀਆਂ ਹਨ, ਜਿਸ ਦੇ ਚੱਲਦਿਆਂ ਕੇਰਲ 'ਚ ਮੀਂਹ ਸਬੰਧੀ ਗਤੀਵਿਧੀ 'ਚ ਤੇਜ਼ੀ ਆ ਸਕਦੀ ਹੈ। ਇਸ ਲਈ ਕੇਰਲ 'ਚ ਆਉਂਦੀ ਤਿੰਨ ਜੂਨ ਦੇ ਨੇੜੇ-ਤੇੜੇ ਮੌਨਸੂਨ ਦੀ ਸ਼ੁਰੂਆਤ ਹੋਣ ਦੀ ਆਸ ਹੈ।