ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਵਿਚ Lockdown ਚਲ ਰਿਹਾ ਹੈ ਅਤੇ ਹੁਣ ਕੋਰੋਨਾ ਦੇ ਕੇਸ ਘਟਨ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੇਗੀ। ਦਿੱਲੀ ਵਿੱਚ 31 ਮਈ ਤੋਂ unlock ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਹਾਲਾਂਕਿ, ਇਸ ਦੌਰਾਨ ਦਿੱਲੀ ਮੈਟਰੋ ਦੇ ਨਾਲ-ਨਾਲ ਮਾਲ, ਹਫਤਾਵਰੀ ਬਾਜ਼ਾਰ ਤੇ ਗੈਰ-ਜ਼ਰੂਰੀ ਸੇਵਾਵਾਂ ਲਈ ਕੋਰੋਨਾ ਕਰਫਿਊ 7 ਜੂਨ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਫਿ਼ਲਹਾਲ ਫੈਕਟਰੀ ਅਤੇ ਨਿਰਮਾਣ ਨੂੰ ਹੀ ਆਗਿਆ ਦਿੱਤੀ ਗਈ ਹੈ। ਦਿੱਲੀ ਵਿੱਚ ਅੱਜ ਤੋਂ ਉਦਯੋਗਿਕ ਖੇਤਰਾਂ ਵਿੱਚ ਕੰਮ ਵਾਲੀਆਂ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਆਵਾਜਾਈ ਲਈ ਈ-ਪਾਸ ਲੈਣਾ ਜ਼ਰੂਰੀ ਹੈ। ਦੱਸ ਦੇਈਏ ਕਿ ਕਰਮਚਾਰੀਆਂ ਤੇ ਮਜ਼ਦੂਰਾਂ ਲਈ ਉਨ੍ਹਾਂ ਦੇ ਠੇਕੇਦਾਰ, ਫੈਕਟਰੀ ਮਾਲਕਾਂ ਨੂੰ ਈ-ਪਾਸ ਲਈ ਅਰਜ਼ੀ ਦੇਣੀ ਪਏਗੀ। ਕੰਮ ਕਰਨ ਵਾਲੀ ਥਾਂ 'ਤੇ ਸਿਰਫ਼ ਬਿਨ੍ਹਾਂ ਲੱਛਣ ਵਾਲੇ ਮਜ਼ਦੂਰਾਂ ਤੇ ਕਰਮਚਾਰੀਆਂ ਨੂੰ ਆਗਿਆ ਦਿੱਤੀ ਜਾਵੇਗੀ। ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨਿਯਮਤ ਤੌਰ 'ਤੇ ਇਨ੍ਹਾਂ ਨਿਰਮਾਣ ਇਕਾਈਆਂ ਅਤੇ ਨਿਰਮਾਣ ਸਥਾਨਾਂ 'ਤੇ ਵੱਡੀ ਗਿਣਤੀ ਵਿੱਚ ਬਿਨ੍ਹਾਂ ਕਿਸੇ ਕ੍ਰਮ ਦੇ ਲੋਕਾਂ ਦੀ RT-PCR/RAT ਜਾਂਚ ਦੇ ਨਾਲ-ਨਾਲ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣਗੇ। ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਇੱਕ ਹਜ਼ਾਰ ਤੋਂ ਵੀ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਦਿੱਲੀ ਵਿੱਚ ਬੀਤੇ 24 ਘੰਟਿਆਂ ਵਿੱਚ 946 ਕੇਸ ਸਾਹਮਣੇ ਆਏ ਹਨ, ਇਹ 22 ਮਾਰਚ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਘੱਟ ਕੇਸ ਹਨ ।