ਨਵੀਂ ਦਿੱਲੀ : ਪਿਛਲੇ ਸਾਲ ਦੀ ਇਕ ਵੱਡੀ ਘਟਨਾ ਦੀ ਯਾਦ ਉਦੋਂ ਤਾਜ਼ਾ ਹੋ ਗਈ ਜਦੋਂ ਇਹ ਪਤਾ ਲੱਗਾ ਕਿ ਉਸ ਬਹਾਦਰ ਕੁੜੀ ਦਾ ਪਿਤਾ ਇਸ ਜਹਾਨ ਤੋਂ ਰੁਖਸਤ ਹੋ ਗਿਆ। ਦਰਅਸਲ ਪਿਛਲੇ ਸਾਲ ਜਦੋਂ ਕੋਰੋਨਾ ਕਾਰਨ ਪੂਰੇ ਦੇਸ਼ ਵਿਚ ਤਾਲਾਬੰਦੀ ਹੋਈ ਸੀ ਤਾਂ ਵੱਡੀ ਗਿਣਤੀ ਵਿਚ ਪ੍ਰਵਾਸੀ ਆਪਣੇ ਵਤਨ ਵਲ ਪੈਦਲ ਹੀ ਚਲ ਪਏ ਸਨ। ਇਸੇ ਦੌਰਾਨ ਕੋਈ ਰਿਹੜੀ ਅਤੇ ਕੋਈ ਸਾਈਕਲ ਉਤੇ ਜਾ ਰਿਹਾ ਸੀ। ਇਸੇ ਸਮੇਂ ਇਕ ਲੜਕੀ ਦੀ ਵੀਡੀਓ ਵਾਇਰਸ ਹੋਈ ਸੀ ਜੋ ਕਿ ਆਪਣੇ ਪਿਤਾ ਨੂੰ ਸਾਈਕਲ ਉਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਤਕ ਪੁੱਜ ਗਈ ਸੀ। ਅੱਜ ਸਾਈਕਲ ਗਰਲ ਦੇ ਨਾਂ ਨਾਲ ਮਸ਼ਹੂਰ ਬਿਹਾਰ ਦੀ ਬੇਟੀ ਜੋਤੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਜੋਤੀ ਦੇ ਪਿਤਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਸਿੰਹਵਾੜਾ ਬਲਾਕ ਦੇ ਸਰਹੁੱਲੀ ਪਿੰਡ ਦੀ 13 ਸਾਲਾ ਜੋਤੀ ਆਪਣੇ ਪਿਤਾ ਮੋਹਨ ਪਾਸਵਾਨ ਨਾਲ ਮਸ਼ਹੂਰ ਹੋ ਗਈ ਸੀ।
ਜਾਣਕਾਰੀ ਮੁਤਾਬਕ ਜੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੇ ਚਾਚੇ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ। ਮੋਹਨ ਪਾਸਵਾਨ ਨੇ ਉਨ੍ਹਾਂ ਦੇ ਅੰਤਮ ਰਸਮਾਂ ਲਈ ਲਈ ਸੁਸਾਇਟੀ ਦੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਦੇ ਖ਼ਤਮ ਹੋਣ ਤੋਂ ਬਾਅਦ ਮੋਹਨ ਪਾਸਵਾਨ ਜਿਵੇਂ ਹੀ ਖੜ੍ਹੇ ਹੋਏ ਉਹ ਨਾਲ ਦੀ ਨਾਲ ਡਿੱਗ ਗਏ। ਪਿੰਡ ਵਾਸੀਆਂ ਮੁਤਾਬਕ ਮੋਹਨ ਪਾਸਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪਿਤਾ ਦੀ ਮੌਤ ਤੋਂ ਬਾਅਦ ਜੋਤੀ ਦਾ ਪਰਿਵਾਰ ਬੁਰੀ ਹਾਲਤ ਵਿੱਚ ਹੈ। ਦੱਸ ਦਈਏ ਕਿ 2020 ਵਿਚ ਕੋਰੋਨਾ ਲੌਕਡਾਊਨ ਦੌਰਾਨ ਜੋਤੀ ਆਪਣੇ ਪਿਤਾ ਨੂੰ ਗੁਰੂਗ੍ਰਾਮ ਤੋਂ 1300 ਕਿਲੋਮੀਟਰ ਦੀ ਦੂਰੀ ' ਤੇ ਸਾਈਕਲ ' ਤੇ ਬੈਠਾ ਕੇ ਘਰ ਲੈ ਕੇ ਆਈ ਸੀ। ਉਸ ਦੀ ਬੇਮਿਸਾਲ ਹਿੰਮਤ ਨੇ ਉਸ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਸਿੱਧੀ ਦਵਾਈ ਸੀ।