ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਜੇ ਡਿਜੀਟਲ ਮੀਡੀਆ ਸਬੰਧੀ ਨਵੇਂ ਸੂਚਨਾ ਤਕਨੀਕ ਨਿਯਮਾਂ ’ਤੇ ਰੋਕ ਨਹੀਂ ਲਾਈ ਗਈ ਤਾਂ ਟਵਿਟਰ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ। ਇਸ ਟਿਪਣੀ ਦੇ ਨਾਲ ਹੀ ਜੱਜ ਰੇਖਾ ਪੱਲੀ ਨੇ ਵਕੀਲ ਅਮਿਤ ਆਚਾਰਿਆ ਦੀ ਪਟੀਸ਼ਨ ’ਤੇ ਕੇਂਦਰ ਅਤੇ ਸੋਸ਼ਲ ਮੀਡੀਆ ਮੰਚ ਟਵਿਟਰ ਨੂੰ ਨੋਟਿਸ ਜਾਰੀ ਕਰ ਕੇ ਅਪਣਾ ਪੱਖ ਰੱਖਣ ਦਾ ਨਿਰਦੇਸ਼ ਦਿਤਾ ਹੈ। ਆਚਾਰਿਆ ਨੇ ਅਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਟਵਿਟਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ। ਦੂਜੇ ਪਾਸੇ, ਟਵਿਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਨਿਸਮਾਂ ਦੀ ਪਾਲਣਾ ਕੀਤੀ ਹੈ ਅਤੇ ਇਕ ਸ਼ਿਕਾਇਤ ਨਿਵਾਰਣ ਸਥਾਨਕ ਅਧਿਕਾਰੀ ਨਿਯੁਕਤ ਕੀਤਾ ਹੈ ਪਰ ਕੇਂਦਰ ਸਰਕਾਰ ਨੇ ਇਸ ਦਾਅਵੇ ਨੂੰ ਗ਼ਲਤ ਠਹਿਰਾਇਆ। ਅਦਾਲਤ ਨੇ ਕਿਹਾ, ‘ਜੇ ਇਨ੍ਹਾਂ ਨਿਯਮਾਂ ’ਤੇ ਰੋਕ ਨਹੀਂ ਲਾਈ ਤਾਂ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ।’ ਆਚਾਰਿਆ ਨੇ ਵਕੀਲ ਆਕਾਸ਼ ਵਾਜਪਾਈ ਅਤੇ ਮਨੀਸ਼ ਕੁਮਾਰ ਜ਼ਰੀਏ ਦਰਜ ਕਰਾਈ ਗਈ ਪਟੀਸ਼ਨ ਵਿਚ ਕਿਹਾ ਕਿ ਜਦ ਉਨ੍ਹਾਂ ਕੁਝ ਟਵੀਟ ਦੇ ਬਾਰੇ ਸ਼ਿਕਾਇਤ ਦਰਜ ਕਰਵਾਉਣ ਦਾ ਯਤਨ ਕੀਤਾ ਤਦ ਉਨ੍ਹਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਥਿਤ ਰੂਪ ਵਿਚ ਨਾ ਕੀਤੇ ਜਾਣ ਬਾਰੇ ਪਤਾ ਲੱਗਾ। ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਸਥਾਈ ਵਕੀਲ ਰਿਪੁਦਮਨ ਸਿੰਘ ਭਾਰਦਵਾਜ ਨੇ ਅਦਾਲਤ ਵਿਚ ਕਿਹਾ ਕਿ ਟਵਿਟਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ।