ਨਵੀਂ ਦਿੱਲੀ : ਸੁਪਰੀਮ ਕੋਰਟ ਨੂੰ ਦਸਿਆ ਗਿਆ ਹੈ ਕਿ ਸਰਕਾਰ ਕੋਵਿਡ-19 ਮਹਾਂਮਾਰੀ ਵਿਚਾਲੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਜਾਂ ਨਾ ਕਰਵਾਉਣ ਬਾਰੇ ਅਗਲੇ ਦੋ ਦਿਨਾਂ ਅੰਦਰ ਫ਼ੈਸਲਾ ਕਰੇਗੀ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਜੱਜ ਏ ਐਮ ਖ਼ਾਨਵਿਲਕਰ ਅਤੇ ਜੱਜ ਦਿਨੇਸ਼ ਮਾਹੇਸ਼ਵਰੀ ਦੇ ਬੈਂਚ ਨੂੰ ਇਹ ਜਾਣਕਾਰੀ ਦਿਤੀ। ਬੈਂਚ ਨੇ ਕਿਹਾ ਕਿ ਜੇ ਕੇਂਦਰ ਵਿਸ਼ਵ ਮਹਾਂਮਾਰੀ ਦੇ ਕਾਰਨ ਬਾਕੀ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਪਿਛਲੇ ਸਾਲ ਦੀ ਨੀਤੀ ਤੋਂ ਅਲੱਗ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਇਸ ਦਾ ਠੋਸ ਪ੍ਰਮਾਣ ਦੇਣਾ ਪਵੇਗਾ। ਬੈਂਚ ਨੇ ਵੇਣੂਗੋਪਾਲ ਨੂੰ ਕਿਹਾ, ‘ਕੋਈ ਸਮੱਸਿਆ ਨਹੀਂ ਹੈ। ਤੁਸੀਂ ਫ਼ੈਸਲਾ ਕਰੋ। ਤੁਹਾਨੂੰ ਅਜਿਹਾ ਕਰਨ ਦਾ ਅਧਿਕਾਰ ਹੈ। ਜੇ ਤੁਸੀਂ ਪਿਛਲੇ ਸਾਲ ਦੀ ਨੀਤੀ ਤੋਂ ਵੱਖ ਫ਼ੈਸਲਾ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਠੋਸ ਕਾਰਨ ਦੇਣਾ ਪਵੇਗਾ।’ ਉਸ ਨੇ ਕਿਹਾ ਕਿ ਪਿਛਲੇ ਸਾਲ ਸੋਚ ਸਮਝ ਕੇ ਫ਼ੈਸਲਾ ਕੀਤਾ ਗਿਆ ਸੀ। ਸਿਖਰਲੀ ਅਦਾਲਤ ਨੇ ਕਿਹਾ, ‘ਜੇ ਤੁਸੀਂ ਇਸ ਨੀਤੀ ਤੋਂ ਵੱਖ ਫ਼ੈਸਲਾ ਕਰਦੇ ਹੋ ਤਾਂ ਕ੍ਰਿਪਾ ਕਰ ਕੇ ਸਾਨੂੰ ਠੋਸ ਕਾਰਨ ਦਿਉ।