ਨਵੀਂ ਦਿੱਲੀ : ਸਰਕਾਰ ਨੇ ਇਸ ਸਾਲ ਸੀਬੀਐਸਈ 12ਵੀਂ ਦੀ ਪ੍ਰੀਖਿਆ ਰੱਦ ਕਰ ਦਿਤੀ ਹੈ। ਇਸ ਤੋਂ ਪਹਿਲਾਂ 10ਵੀਂ ਦੇ ਇਮਤਿਹਾਨ ਵੀ ਰੱਦ ਕਰ ਦਿਤੇ ਗਏ ਸਨ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ। ਕੋਵਿਡ ਮਹਾਂਮਾਰੀ ਦੇ ਮਾਹੌਲ ਵਿਚ ਉਨ੍ਹਾਂ ਨੂੰ ਪ੍ਰੀਖਿਆ ਦਾ ਤਣਾਅ ਦੇਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜਾਨ ਖ਼ਤਰੇ ਵਿਚ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਕਿ 12ਵੀਂ ਦਾ ਨਤੀਜਾ ਤੈਅ ਸਮਾਂ-ਸੀਮਾ ਅੰਦਰ ਅਤੇ ਤਾਰਕਿਕ ਆਧਾਰ ’ਤੇ ਤਿਆਰ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਪ੍ਰੀਖਿਆ ਬਾਰੇ ਵਿਦਿਆਰਥੀ, ਮਾਪੇ ਅਤੇ ਅਧਿਆਪਕ ਕਾਫ਼ੀ ਪ੍ਰੇਸ਼ਾਨ ਸਨ। ਇਸ ਫ਼ਿਕਰ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਪ੍ਰੀਖਿਆ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਇਸ ਸਮੇਂ ਵਿਦਿਆਰਥੀਆਂ ਦੇ ਪ੍ਰਤੀ ਸੰਵੇਦਨਸ਼ੀਲਤਾ ਵਿਖਾਉਣ ਦੀ ਲੋੜ ਹੈ। ਬੈਠਕ ਵਿਚ ਬੋਰਡ ਦੇ ਚੇਅਰਮੈਨ, ਕੇਂਦਰੀ ਮੰਤਰੀ ਅਮਿਤ ਸ਼ਾਹ, ਪਿਊਸ਼ ਗੋਇਲ, ਧਰਮਿੰਦਰ ਪ੍ਰਧਾਨ, ਨਿਰਮਲਾ ਸੀਤਾਰਮਣ, ਰਾਜਨਾਥ ਸਿੰਘ ਅਤੇ ਪ੍ਰਕਾਸ਼ ਜਾਵੜੇਕਰ ਵੀ ਸ਼ਾਮਲ ਹੋਏ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਅੱਗੇ ਪ੍ਰੀਖਿਆ ਕਰਾਉਣ ਦੇ ਸਾਰੇ ਬਦਲ ਰੱਖੇ ਗਏ। ਇਹ ਬਦਲ ਰਾਜ ਸਰਕਾਰਾਂ ਅਤੇ ਬੋਰਡ ਨਾਲ ਲੰਮੀ ਚਰਚਾ ਦੇ ਬਾਅਦ ਤਿਆਰ ਕੀਤੇ ਗਏ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪਿਛਲੀ ਕਾਰਗੁਜ਼ਾਰੀ ਦੇ ਆਧਾਰ ’ਤੇ ਨਤੀਜਾ ਤਿਆਰ ਕੀਤਾ ਜਾਵੇ। ਉਨ੍ਹਾਂ ਇਮਤਿਹਾਨ ਰੱਦ ਕਰਨ ਦੇ ਫ਼ੈਸਲੇ ਨੂੰ ਵਿਦਿਆਰਥੀਆਂ ਦੇ ਹਿੱਤ ਵਿਚ ਦਸਿਆ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਕੋਵਿਡ ਮਹਾਂਮਾਰੀ ਕਾਰਨ ਬਹੁਤੇ ਮਾਪੇ ਨਹੀਂ ਸਨ ਚਾਹੁੰਦੇ ਕਿ ਪ੍ਰੀਖਿਆ ਹੋਵੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਵੇ।