ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਈ ਫ਼ਾਲਤੂ ਮਾਮਲਿਆਂ ਕਾਰਨ ਹੁੰਦੀ ਸਮੇਂ ਦੀ ਬਰਬਾਦੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਤੁੱਛ ਮਾਮਲੇ ਉਸ ਨੂੰ ਸੁਸਤ ਬਣਾ ਰਹੇ ਹਨ। ਅਦਾਲਤ ਨੇ ਕਿਹਾ ਕਿ ਇਨ੍ਹਾਂ ਫ਼ਾਲਤੂ ਪਟੀਸ਼ਨਾਂ ਕਾਰਨ ਗੰਭੀਰ ਮਾਮਲਿਆਂ ਨੂੰ ਸੁਣਵਾਈ ਲਈ ਸਮਾਂ ਨਹੀਂ ਮਿਲ ਰਿਹਾ। ਜੱਜ ਡੀ ਵਾਈ ਚੰਦਰਚੂੜ ਅਤੇ ਜਸਟਿਸ ਐਮ ਆਰ ਸ਼ਾਹ ਦੇ ਬੈਂਚ ਨੇ ਇਹ ਟਿਪਣੀ ਉਪਭੋਗਤਾ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਦਰਅਸਲ, ਇਸ ਮਸਲੇ ਦਾ ਮਾਰਚ ਵਿਚ ਹੀ ਅਦਾਲਤ ਨੇ ਨਿਪਟਾਰਾ ਕਰ ਦਿਤਾ ਸੀ ਪਰ ਉਸੇ ਮਾਮਲੇ ਵਿਚ ਫਿਰ ਨਵੀਂ ਅਰਜ਼ੀ ਦਾਖ਼ਲ ਕੀਤੀ ਗਈ ਸੀ। ਮੰਗਲਵਾਰ ਨੂੰ ਜਿਉਂ ਹੀ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਜਸਟਿਸ ਚੰਦਰਚੂੜ ਨੇ ਵੇਖਿਆ ਕਿ ਪਟੀਸ਼ਨਕਾਰ ਜੋ ਚਾਹੁੰਦਾ ਸੀ ਕਿ ਉਸ ਸੰਦਰਭ ਵਿਚ ਆਖ਼ਰੀ ਫ਼ੈਸਲਾ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਸੀ, ਪਰ ਪਟੀਸ਼ਨਕਾਰ ਨੇ ਇਕ ਤੁੱਛ ਮਾਮਲੇ ਨਾਲ ਵਾਪਸ ਆਉਣ ਦਾ ਫ਼ੈਸਲਾ ਕੀਤਾ ਸੀ। ਜਸਟਿਸ ਚੰਦਰਚੂੜ ਨੇ ਕਿਹਾ, ‘ਹੁਣ ਤੁਸੀਂ ਸਿਰਫ਼ ਇਸ ਲਈ ਆਏ ਹੋ ਕਿ ਤੁਹਾਨੂੰ ਦਿਤੇ ਗਏ ਘਰ ਲਈ ਬਾਕੀ ਰਕਮ ਜਮ੍ਹਾਂ ਕਰਨ ਤੋਂ ਪਹਿਲਾਂ ਤੁਸੀਂ ਕੁਝ ਦਸਤਾਵੇਜ਼ਾਂ ਦੀ ਜਾਂਚ ਕਰਨਾ ਚਾਹੁੰਦੇ ਹੋ। ਆਖ਼ਰ ਇਹ ਕੀ ਹੈ? ਇਸ ਤਰ੍ਹਾਂ ਸੁਪਰੀਮ ਕੋਰਟ ਨੂੰ ਸੁਸਤ ਬਣਾਇਆ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਅਦਾਲਤ ਵਿਚ ਮਹੱਤਵਹੀਣ ਮਾਮਲਿਆਂ ਦੇ ਹੜ੍ਹ ਕਾਰਨ ਗੰਭੀਰ ਮਾਮਲਿਆਂ ਲਈ ਸਮਾਂ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਲ ਕੋਵਿਡ ਸਬੰਧੀ ਹੁਕਮ ਨੂੰ ਆਖਰੀ ਰੂਪ ਦੇਣਾ ਸੀ ਪਰ ਮੈਂ ਉਹ ਨਹੀਂ ਕਰ ਸਕਿਆ। ਇਸ ਦਾ ਕਾਰਨ ਸੀ ਕਿ ਅੱਜ ਸੂਚੀਬੱਧ ਮਾਮਲਿਆਂ ਦੀਆਂ ਫ਼ਾਈਲਾਂ ਪੜ੍ਹਨੀਆਂ ਸਨ ਅਤੇ ਅਫ਼ਸੋਸ ਹੈ ਕਿ ਇਨ੍ਹਾਂ ਵਿਚੋਂ 90 ਫ਼ੀਸਦੀ ਮਾਮਲੇ ਫ਼ਾਲਤੂ ਸਨ।