ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਉਦਯੋਗਪਤੀ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕਰਦਿਆਂ ਉਸ ਨੂੰ ਨਸੀਹਤ ਦਿਤੀ ਹੈ ਕਿ ਉਹ ਐਲੋਪੈਥੀ ਬਾਰੇ ਊਲ-ਜਲੂਲ ਬਿਆਨਾਂ ਤੋਂ ਬਚਣ। ਅਦਾਲਤ ਨੇ ਰਾਮਦੇਵ ਨੂੰ ਕਿਹਾ ਕਿ ਤੁਸੀਂ ਕੋਰੋਨਿਲ ਦਾ ਪ੍ਰਚਾਰ ਕਰੋ, ਕੋਈ ਦਿੱਕਤ ਨਹੀਂ ਪਰ ਐਲੋਪੈਥੀ ਬਾਰੇ ਅਜਿਹੇ ਬਿਆਨ ਦੇਣ ਤੋਂ ਬਚੋ। ਦਿੱਲੀ ਮੈਡੀਕਲ ਐਸੋਸੀਏਸ਼ਨ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਇਹ ਗੱਲ ਕਹੀ। ਇਸ ਮਾਮਲੇ ਵਿਚ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ। ਐਸੋਸੀਏਸ਼ਨ ਨੇ ਕਿਹਾ ਸੀ ਕਿ ਰਾਮਦੇਵ ਜਨਤਕ ਤੌਰ ’ਤੇ ਜਿਹੜੇ ਬਿਆਨ ਦੇ ਰਹੇ ਹਨ, ਉਸ ਨਾਲ ਵਿਗਿਆਨ ਅਤੇ ਡਾਕਟਰਾਂ ਦੇ ਅਕਸ ਨੂੰ ਧੱਕਾ ਲੱਗ ਰਿਹਾ ਹੈ। ਹਾਈ ਕੋਰਟ ਨੇ ਰਾਮਦੇਵ ਅਤੇ ਹੋਰਾਂ ਕੋਲੋਂ ਜਵਾਬ ਮੰਗਿਆ ਹੈ। ਅਦਾਲਤ ਨੇ ਇਸ ਦੇ ਇਲਾਵਾ ਟਵਿਟਰ, ਮੀਡੀਆ ਚੈਨਲਾਂ ਸਮੇਤ ਕਈ ਸੋਸ਼ਲ ਮੀਡੀਆ ਸੰਸਥਾਵਾਂ ਕੋਲੋਂ ਵੀ ਜਵਾਬ ਮੰਗਿਆ ਹੈ। ਐਲੋਪੈਥੀ ਬਾਰੇ ਰਾਮਦੇਵ ਨੇ ਪਿਛਲੇ ਦਿਨੀਂ ਕਈ ਇਤਰਾਜ਼ਯੋਗ ਬਿਆਨ ਦਿਤੇ ਸਨ ਜਿਸ ਤੋਂ ਖਫ਼ਾ ਦੇਸ਼ ਭਰ ਦੇ ਡਾਕਟਰ ਉਸ ਵਿਰੁਧ ਕਾਰਵਾਈ ਦੀ ਮੰਗ ਕਰ ਰਹੇ ਸਨ। 1 ਜੂਨ ਨੂੰ ਦੇਸ਼ ਭਰ ਵਿਚ ਡਾਕਟਰਾਂ ਨੇ ਕਾਲਾ ਦਿਵਸ ਮਨਾਇਆ ਸੀ। ਰਾਮਦੇਵ ਨੇ ਕਿਸੇ ਵੀਡੀਉ ਵਿਚ ਐਲੋਪੈਥੀ ਨੂੰ ਬੇਕਾਰ ਦਸਿਆ ਸੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਬਿਆਨ ’ਤੇ ਸਖ਼ਤ ਇਤਰਾਜ਼ ਕੀਤਾ ਸੀ।