ਨਵੀਂ ਦਿੱਲੀ : ਮਾਨਸੂਨ ਨੇ ਅੱਜ ਕੇਰਲਾ ਵਿਚ ਦਸਤਕ ਦੇ ਦਿਤੀ ਹੈ। ਮਾਨਸੂਨ ਦੀ ਆਮਦ ਦੇ ਸਾਰੇ ਮਾਪਦੰਡ ਪੂਰੇ ਹੋਣ ਦੇ ਬਾਅਦ ਮੌਸਮ ਵਿਭਾਗ ਨੇ ਮਾਨਸੂਨ ਦੇ ਕੇਰਲਾ ਪੁੱਜਣ ਦਾ ਐਲਾਨ ਕਰ ਦਿਤਾ ਹੈ। ਦਖਣੀ ਪਛਮੀ ਮਾਨਸੂਨ ਦੇ ਕੇਰਲਾ ਵਿਚ ਪਹੁੰਚਣ ਦੀਆਂ ਸਥਿਤੀਆਂ ਕੁਝ ਦਿਨ ਪਹਿਲਾਂ ਹੀ ਬਣਨ ਲੱਗ ਗਈਆਂ ਸਨ। ਹਾਲਾਂਕਿ ਇਸ ਵਾਰ ਮਾਨਸੂਨ ਤੈਅ ਸਮੇਂ ਤੋਂ 2 ਦਿਨ ਦੇਰੀ ਨਾਲ ਆਇਆ ਹੈ। ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਮੀਂਹ ਆਮ ਨਾਲੋਂ ਬਿਹਤਰ 101 ਫ਼ੀਸਦੀ ਪੈਣਗੇ। ਇਸ ਦੇ 4 ਫ਼ੀਸਦੀ ਘੱਟ ਜਾਂ ਜ਼ਿਆਦਾ ਹੋਣ ਦੀ ਗੁੰਜਾਇਸ਼ ਵੀ ਰਹੇਗੀ। ਮਾਨਸੂਨ ਨੇ ਅੰਡੇਮਾਨ ਵਿਚ 21 ਮਈ ਨੂੰ ਦਸਤਕ ਦਿਤੀ ਸੀ। 27 ਮਈ ਨੂੰ ਅੱਧੇ ਸ੍ਰੀਲੰਕਾ ਅਤੇ ਮਾਲਦੀਵ ਨੂੰ ਪਾਰ ਕਰਨ ਦੇ ਬਾਅਦ ਮਜ਼ਬੂਤ ਹਵਾਵਾਂ ਦੀ ਕਮੀ ਕਾਰਨ 7 ਦਿਨ ਤਕ ਮਾਨਸੂਨ ਦੀ ਉਤਰੀ ਹੱਦ ਕੋਮੋਰਿਨ ਸਾਗਰ ਵਿਚ ਹੀ ਠਹਿਰ ਗਈ ਸੀ। ਕੇਰਲਾ ਵਿਚ ਪਿਛਲੇ 4 ਦਿਨਾ ਤੋਂ ਪ੍ਰੀ ਮਾਨਸੂਨ ਮੀਂਹ ਜਾਰੀ ਹੈ। ਬੁਧਵਾਰ ਨੂੰ ਇਥੇ ਸੈਟੇਲਾਈਟ ਇਮੇਜ ਵਿਚ ਤਟਵਰਤੀ ਇਲਾਕਿਆਂ ਅਤੇ ਇਸ ਨਾਲ ਲੱਗੇ ਦਖਣੀ ਪੂਰਬ ਅਰਬ ਸਾਗਰ ਵਿਚ ਬੱਦਲ ਛਾਏ ਨਜ਼ਰ ਆਏ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੇਰਲਾ ਵਿਚ ਮੀਂਹ ਵੰਡ ਵਿਚ ਵਾਧਾ ਹੋਇਆ ਹੈ। ਦਖਣੀ ਸਾਗਰ ਦੇ ਹੇਠਲੇ ਪੱਧਰਾਂ ਵਿਚ ਪਛਮੀ ਹਵਾਵਾਂ ਚੱਲ ਰਹੀਆਂ ਹਨ।