ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅੱਜ ਪੂਰੇ ਕੇਰਲਾ ਵਿੱਚ ਮੌਨਸੂਨ ਦੀ ਸਥਿਤੀ ਆਮ ਵਾਂਗ ਰਹੀ ਹੈ। ਮੌਨਸੂਨ ਦੀ ਆਮਦ ਹੋਣ ਮਗਰੋਂ ਅੱਜ ਕੇਰਲਾ ਦੀਆਂ ਕਈ ਥਾਵਾਂ ਤੇ ਲਕਸ਼ਦੀਪ 'ਚ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕੇਰਲਾ ਦੀਆਂ ਇੱਕ-ਦੋ ਥਾਵਾਂ 'ਤੇ ਸ਼ਨਿਚਰਵਾਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਾਰ ਦੱਖਣੀ-ਪੱਛਮੀ ਮੌਨਸੂਨ ਨੇ ਕੁਝ ਦੇਰੀ ਨਾਲ ਵੀਰਵਾਰ ਨੂੰ ਕੇਰਲਾ ਵਿੱਚ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਰਸਾਤ ਸ਼ੁਰੂ ਹੋ ਗਈ ਹੈ ਅਤੇ ਇਹ ਮਾਨਸੂਨ ਛੇਤੀ ਹੀ ਭਾਰਤ ਦੇ ਹੋਰ ਹਿੱਸਿਆਂ ਦੇ ਨਾਲ ਨਾਲ ਪੰਜਾਬ ਵੀ ਪੁੱਜ ਜਾਵੇਗਾ। ਵਿਭਾਗ ਦੀ ਜਾਣਕਾਰੀ ਮੁਤਾਬਕ ਅਗਲੇ ਕੁਝ ਦਿਨਾਂ ਤਕ ਮਾਨਸੂਨ ਪੂਰੇ ਦੇਸ਼ ਉਤੇ ਅਪਣੀ ਬੌਛਾਰ ਦੇਵੇਗਾ ਜਿਸ ਨਾਲ ਲੋਕਾਂ ਨੂੰ ਗ਼ਰਮੀ ਤੋਂ ਰਾਹਤ ਤਾਂ ਮਿਲੇਗੀ ਹੀ ਨਾਲ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਉਠਣਗੇ। ਮੌਸਮ ਵਿਭਾਗ ਮੁਤਾਬਕ ਬੇਸ਼ੱਕ ਉੱਤਰੀ ਭਾਰਤ ਵਿੱਚ ਮੌਨਸੂਨ ਆਉਣ ਵਿੱਚ ਅਜੇ ਸਮਾਂ ਲੱਗੇਗਾ ਪਰ ਅਗਲੇ ਦਿਨਾਂ ਵਿੱਚ ਪ੍ਰੀ-ਮੌਨਸੂਨ ਬਾਰਸ਼ ਹੋਏਗੀ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉੱਤਰ ਪੂਰਬ ਭਾਰਤ ਵਿੱਚ 8 ਜੂਨ ਤੋਂ 10 ਜੂਨ ਤੱਕ ਭਾਰੀ ਬਾਰਿਸ਼ ਤੇ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰਬੀ ਮੱਧ ਤੇ ਦੱਖਣ ਭਾਰਤ ਤੇ ਟਾਪੂਆਂ ਦੇ ਨਾਲ-ਨਾਲ ਪੂਰੇ ਉੱਤਰ ਪ੍ਰਦੇਸ਼, ਉਤਰਾਖੰਡ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਤੇ ਹਿਮਾਚਲ ਵਾਸੀਆਂ ਨੂੰ ਵੀ ਛੇਤੀ ਹੀ ਮਾਨਸੂਨ ਦੇ ਦਰਸ਼ਨ ਹੋਣਗੇ।