ਵਾਸ਼ਿੰਗਟਨ : ਰਾਸ਼ਟਰਪਤੀ ਜੋ ਬਾਇਡਨ ਨੇ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਨੂੰ ਕੋਵਿਡ ਰੋਕੂ ਟੀਕਿਆਂ ਦੀ ਢਾਈ ਕਰੋੜ ਖ਼ੁਰਾਕ ਭੇਜਣ ਦੇ ਅਪਣੇ ਫ਼ੈਸਲੇ ਦਾ ਐਲਾਨ ਕੀਤਾ ਹੈ ਅਤੇ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਅਮਰੀਕੀ ਟੀਕੇ ਪਾਉਣ ਵਾਲੇ ਪ੍ਰਮੁੱਖ ਦੇਸ਼ਾ ਵਿਚ ਉਨ੍ਹਾਂ ਦਾ ਦੇਸ਼ ਸ਼ਾਮਲ ਹੋਵੇਗਾ। ਬਾਇਡਨ ਨੇ ਕਲ ਐਲਾਨ ਕੀਤਾ ਸੀ ਕਿ ਅਮਰੀਕਾ ਅਪਣੇ ਕੋਵਿਡ ਭੰਡਾਰ ਵਿਚੋਂ ਅਣਵਰਤੀਆਂ ਢਾਈ ਕਰੋੜ ਖ਼ੁਰਾਕਾਂ ਵਿਚੋਂ ਕਰੀਬ 1.9 ਕਰੋੜ ਯਾਨੀ 75 ਫੀਸਦੀ ਖ਼ੁਰਾਕ ਦਖਣੀ ਅਤੇ ਦਖਣੀ ਪੂਰਬੀ ਏਸ਼ੀਆ ਅਤੇ ਅਫ਼ਰੀਕਾ ਦੇ ਦੇਸ਼ਾਂ ਨੂੰ ਵੰਡੇਗਾ। ਇਹ ਕਦਮ ਜੂਨ ਤਕ ਦੁਨੀਆਂ ਭਰ ਵਿਚ ਅੱਠ ਕਰੋੜ ਟੀਕੇ ਭੇਜਣ ਦੀ ਉਨ੍ਹਾਂ ਦੇ ਪ੍ਰਸ਼ਾਸਨ ਦੀ ਕਾਰਜਯੋਜਨਾ ਦਾ ਹਿੱਸਾ ਹੈ। 70 ਲੱਖ ਖ਼ੁਰਾਕ ਏਸ਼ੀਆ ਵਿਚ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ, ਅਫ਼ਗ਼ਾਨਿਸਤਾਨ, ਮਾਲਦੀਵ, ਮਲੇਸ਼ੀਆ, ਫ਼ਿਲੀਪੀਨ, ਵੀਅਤਨਾਮ, ਇੰਡੋਨੇਸ਼ੀਆ, ਥਾਈਲੈਂਡ, ਲਾਓਸ, ਪਾਪੂਆ, ਤਾਈਵਾਨ ਅਤੇ ਪ੍ਰਸ਼ਾਂਤ ਖੇਤਰਾਂ ਲਈ ਦਿਤੀਆਂ ਜਾਣਗੀਆਂ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦਸਿਆ, ‘ਭਾਰਤ ਅਮਰੀਕੀ ਟੀਕਿਆਂ ਨੂੰ ਪ੍ਰਾਪਤ ਕਰਨ ਵਾਲਾ ਪ੍ਰਮੁਖ ਦੇਸ਼ ਹੈ।’ ਉਪ ਰਾਸ਼ਟਰਪਤੀ ਕਮਲਾ ਪੈਰਿਸ ਨੇ ਵੀਰਵਾਰ ਨੂੰ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁੰ ਫ਼ੋਨ ਕਰ ਕੇ ਅਪਣੇ ਪ੍ਰਸ਼ਾਸਨ ਦੇ ਫ਼ੈਸਲੇ ਦੀ ਜਾਣਕਾਰੀ ਦਿਤੀ ਸੀ।