ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਨਾਲ ਮੁਕਾਬਲੇ ਵਿਚ ਲਗਾਤਾਰ ਚੰਗੀਆਂ ਖ਼ਬਰਾਂ ਆ ਰਹੀਆਂ ਹਨ। ਹਰ ਦਿਨ ਕੇਸ ਘੱਟ ਰਹੇ ਹਨ। ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ ਨੇ ਦਸਿਆ ਕਿ ਭਾਰਤ ਵਿਚ ਵੈਕਸੀਨ ਦੀ ਘੱਟ ਤੋਂ ਘੱਟ ਇਕ ਡੋਜ਼ ਪਾਉਣ ਵਾਲਿਆਂ ਦੀ ਗਿਣਤੀ 17.2 ਕਰੋੜ ਹੈ। ਇਸ ਮਾਮਲੇ ਵਿਚ ਅਸੀਂ ਅਮਰੀਕਾ ਤੋਂ ਅੱਗੇ ਨਿਕਲ ਗਏ ਹਾਂ। ਇਸ ਦੇ ਇਲਾਵਾ 60 ਫ਼ੀਸਦੀ ਤੋਂ ਜ਼ਿਆਦਾ ਬਜ਼ੁਰਗ ਆਬਾਦੀ ਨੂੰ ਵੀ ਵੈਕਸੀਨ ਦਾ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ। ਉਨ੍ਹਾਂ ਦਸਿਆ ਕਿ ਬੱਚਿਆਂ ’ਤੇ ਕੋਵੈਕਸੀਨ ਅਤੇ ਜਾਇਡਜ਼ ਦੀ ਵੈਕਸੀਨ ਦੇ ਟਰਾਇਲ ਪਹਿਲਾਂ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, ‘ਸਾਨੂੰ ਉਨ੍ਹਾਂ ਲਈ ਲਗਭਗ 25 ਕਰੋੜ ਡੋਜ਼ ਦੀ ਲੋੜ ਹੋਵੇਗੀ। ਰਣਨੀਤੀ ਬਣਾਉਂਦੇ ਸਮੇਂ ਇਸ ਨੂੰ ਧਿਆਨ ਵਿਚ ਰਖਣਾ ਹੋਵੇਗਾ। ਸਿਹਤ ਮੰਤਰਾਲੇ ਮੁਤਾਬਕ ਜੇ 7 ਮਈ ਨੂੰ ਸਿਖਰ ਮੰਨ ਕੇ ਡੇਟੇ ਦਾ ਵਿਸ਼ਲੇਸਣ ਕੀਤਾ ਜਾਵੇ ਤਾਂ ਕੋਰੋਨਾ ਦੇ ਰੋਜ਼ ਦੇ ਕੇਸਾਂ ਵਿਚ 68 ਫ਼ੀਸਦੀ ਦੀ ਕਮੀ ਆ ਗਈ ਹੈ। 66 ਫ਼ੀਸਦੀ ਨਵੇਂ ਮਾਮਲੇ 5 ਰਾਜਾਂ ਤੋਂ ਆ ਰਹੇ ਹਨ ਅਤੇ ਬਾਕੀ 31 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ। ਇਹ ਵਿਖਾਉਂਦਾ ਹੈ ਕਿ ਸਥਾਨਕ ਪੱਧਰ ’ਤੇ ਵਾਇਰਸ ਨੂੰ ਕਾਬੂ ਕਰਨ ਵਿਚ ਕਾਮਯਾਬੀ ਮਿਲ ਰਹੀ ਹੈ। ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ ਵਿਚ ਸ਼ਾਮਲ ਕਰਨ ’ਤੇ ਹੋ ਰਹੀ ਦੇਰੀ ਬਾਰੇ ਡਾ. ਵੀ ਕੇ ਪਾਲ ਨੇ ਕਿਹਾ ਕਿ ਅਸੀਂ ਭਾਰਤ ਬਾਇਓਟੈਕ ਅਤੇ ਡਬਲਿਊ.ਐਚ.ਓ. ਦੇ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਨਾਲ ਡੇਟਾ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਮੀਲ ਦਾ ਪੱਥਰ ਛੇਤੀ ਹੀ ਹਾਸਲ ਹੋ ਜਾਵੇ। ਸਿਹਤ ਮੰਤਰਾਲੇ ਦੇ ਜਾਇੰਟ ਸਕੱਤਰ ਲਵ ਅਗਰਵਾਲ ਨੇ ਦਸਿਆ ਕਿ 377 ਜ਼ਿਲਿ੍ਹਆਂ ਵਿਚ ਹਾਲੇ 5 ਫ਼ੀਸਦੀ ਤੋਂ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ। ਰਿਕਵਰੀ ਰੇਟ ਵਿਚ ਲਗਾਤਾਰ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਕਰੀਬ 1.32 ਲੱਖ ਮਾਮਲੇ ਆਏ ਹਨ। ਪਿਛਲੇ 8 ਦਿਨਾਂ ਤੋਂ ਨਵੇਂ ਕੇਸ 2 ਲੱਖ ਤੋਂ ਘੱਟ ਆ ਰਹੇ ਹਨ। ਹੁਣ ਤਕ ਵੈਕਸੀਨ ਦੇ 22.41 ਕਰੋੜ ਡੋਜ਼ ਦਿਤੇ ਜਾ ਚੁੱਕੇ ਹਨ।
੍ਹ