ਚੰਡੀਗੜ੍ਹ : ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਕੋਟੇ ਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੀ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਹੋਰ ਵੱਡਾ ਵੈਕਸੀਨ ਘੁਟਾਲਾ ਕੀਤਾ ਹੈ ਅਤੇ ਪੰਜਾਬ ਵਾਸੀਆਂ ਦੀਆਂ ਜੇਬਾਂ 'ਤੇ ਕਰੋੜਾਂ ਰੁਪਿਆਂ ਦਾ ਡਾਕਾ ਮਾਰਿਆ ਹੈ। ਉਨ੍ਹਾਂ ਵੈਕਸੀਨ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਰਾਸਟਰੀ ਪ੍ਰਧਾਨ ਨੂੰ ਪੰਜ ਸਵਾਲ ਕਰਦਿਆਂ ਜਵਾਬ ਦੇਣ ਦੀ ਮੰਗ ਕੀਤੀ।
ਸੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਘਵ ਚੱਢਾ ਨੇ ਦੋਸ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਨਾਂ 'ਤੇ ਚੱਲ ਕੇ 'ਆਪਦਾ ਨੂੰ ਅਵਸਰ' ਬਣਾ ਕੇ ਮੁਸੀਬਤ ਸਮੇਂ ਪੰਜਾਬ ਦੇ ਲੋਕਾਂ ਕੋਲੋਂ ਪੈਸੇ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਰਾਜ ਸਰਕਾਰ ਦੇ ਕੋਟੇ ਵਾਲੀ ਵੈਕਸੀਨ 400 ਰੁਪਏ ਪ੍ਰਤੀ ਡੋਜ ਖਰੀਦੀ ਸੀ, ਪਰ ਇਹ ਵੈਕਸੀਨ ਕੈਪਟਨ ਸਰਕਾਰ ਨੇ ਅੱਗੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਪ੍ਰਤੀ ਡੋਜ ਵਿੱਚ ਵੇਚ ਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਪੰਜਾਬ ਵਾਸੀਆਂ ਦੀ ਆਰਥਿਕ ਲੁੱਟ ਕਰਨ ਇਜਾਜਤ ਦੇ ਦਿੱਤੀ ਹੈ।
ਰਾਘਵ ਚੱਢਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜ ਸਵਾਲ ਪੁੱਛਦਿਆਂ ਕਿਹਾ ਕਿ
1. ਜਦੋਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਮੁਫਤ ਵਿੱਚ ਵੈਕਸੀਨ ਦਾ ਟੀਕਾ ਲਾ ਸਕਦੀ ਹੈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਕਿਉਂ ਨਹੀਂ ਲਾ ਰਹੀ?
2. ਕੈਪਟਨ ਸਰਕਾਰ ਨੇ ਸਰਕਾਰੀ ਵੈਕਸੀਨ ਕੇਂਦਰ ਬੰਦ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਦੇ 3100 ਰੁਪਏ ਵਸੂਲਣ ਦੀ ਇਜਾਜਤ ਕਿਉਂ ਦਿੱਤੀ?
3. ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਮੁਫਤ ਦਵਾਈ ਦੀ ਕਾਲਾਬਾਜਾਰੀ ਕਰਕੇ ਇੱਕਠੇ ਕੀਤੇ ਕਰੋੜਾਂ ਰੁਪਏ ਕੈਪਟਨ ਅਮਰਿੰਦਰ ਸਿੰਘ ਨੇ ਕਿਹੜੇ ਕਿਹੜੇ ਕਾਂਗਰਸੀ ਆਗੂ ਨੂੰ ਦਿੱਤੇ?
4. ਕੀ ਵੈਕਸੀਨ ਘੁਟਾਲੇ ਦਾ ਪੈਸਾ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਦਿੱਤਾ ਗਿਆ ਹੈ?
5. ਪੰਜਾਬ ਦੇ ਕਾਂਗਰਸੀ ਦੀ ਲੜਾਈ ਮਿਟਾਉਣ ਵਾਲੀ ਖੜਗੇ ਕਮੇਟੀ ਕੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੈਕਸੀਨ ਘੁਟਾਲੇ ਬਾਰੇ ਵੀ ਸਵਾਲ ਪੁੱਛੇਗੀ?
ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਵੈਕਸੀਨ ਦੇ ਟੀਕੇ ਮੁੱਫਤ ਲਾਉਣ ਦਾ ਢੰਢੋਰਾ ਤਾਂ ਬਹੁਤ ਪਿੱਟਿਆ ਹੈ, ਪਰ ਸਰਕਾਰੀ ਵੈਕਸੀਨ ਕੇਂਦਰ ਬੰਦ ਕਰਕੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ 3100 ਰੁਪਏ 'ਚ ਵੈਕਸੀਨ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਹਿ ਰਹੇ ਹਨ ਕਿ ਵੈਕਸੀਨ ਮਾਮਲੇ ਵਿੱਚ ਉਸ ਦੀ ਕੋਈ ਦਾਖਲ ਅੰਦਾਜੀ ਨਹੀਂ ਹੈ ਤਾਂ ਕੀ ਵੈਕਸੀਨ ਘੁਟਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ? ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਾਲੇ ਸੂਬੇ 'ਚ ਹੋਏ ਵੈਕਸੀਨ ਘੁਟਾਲੇ ਬਾਰੇ ਕਾਂਗਰਸ ਪਾਰਟੀ ਦੀ ਰਾਸਟਰੀ ਪ੍ਰਧਾਨ ਸੋਨੀਆਂ ਗਾਂਧੀ, ਪ੍ਰਿਅੰਕਾਂ ਗਾਂਧੀ, ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਤੇ ਦੇਸ ਦੇ ਲੋਕਾਂ ਅੱਗੇ ਆਪਣੀ ਸਥਿਤੀ ਜਰੂਰ ਸਪਸਟ ਕਰਨੀ ਚਾਹੀਦੀ ਹੈ।