ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਅਤੇ ਡੋਮਿਨਿਕਾ ਵਿਚ ਹਵਾਲਗੀ ਕੇਸ ਭੁਗਤ ਰਹੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਕਿਹਾ ਹੈ ਕਿ ਉਹ ਭਾਰਤੀ ਏਜੰਸੀਆਂ ਤੋਂ ਭੱਜ ਨਹੀਂ ਰਿਹਾ ਅਤੇ ਇਲਾਜ ਕਰਾਉਣ ਲਈ ਦੇਸ਼ ਛੱਡ ਕੇ ਗਿਆ ਸੀ। ਉਸ ਨੂੰ ਖ਼ੁਦ ਨੂੰ ਕਾਨੂੰਨ ਦਾ ਸਨਮਾਨ ਕਰਨ ਵਾਲਾ ਨਾਗਰਿਕ ਦਸਿਆ। ਚੋਕਸੀ ਨੇ ਭਾਰਤੀ ਏਜੰਸੀਆਂ ਨੂੰ ਉਸ ਦੀ ਇੰਟਰਵਿਊ ਲੈਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। 62 ਸਾਲਾ ਕਾਰੋਬਾਰੀ ਨੇ ਡੋਮਿਨਿਕਾ ਹਾਈ ਕੋਰਟ ਵਿਚ ਹਲਫ਼ਨਾਮਾ ਦੇ ਕੇ ਕਿਹਾ ਹੈ ਕਿ ਉਹ ਭਾਰਤੀ ਏਜੰਸੀਆਂ ਨੂੰ ਕਿਸੇ ਵੀ ਜਾਂਚ ਸਬੰਧੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਹ ਅਮਰੀਕਾ ਵਿਚ ਇਲਾਜ ਕਰਾਉਣ ਲਈ ਦੇਸ਼ ਵਿਚੋਂ ਗਿਆ ਸੀ ਅਤੇ ਉਸ ਖ਼ਿਲਾਫ਼ ਉਦੋਂ ਕੋਈ ਵਾਰੰਟ ਨਹੀਂ ਸੀ। ਚੋਕਸੀ ਜਨਵਰੀ 2018 ਵਿਚ ਭਾਰਤ ਤੋਂ ਬਾਹਰ ਚਲਾ ਗਿਆ ਸੀ। 13500 ਕਰੋੜ ਰੁਪਏ ਦੇ ਪੀਐਨਬੀ ਘੁਟਾਲੇ ਤੋਂ ਪਰਦਾ ਉਠਣ ਦੇ ਕੁਝ ਦਿਨ ਪਹਿਲਾਂ ਹੀ ਚੋਕਸੀ ਨੇ ਦੇਸ਼ ਛੱਡ ਦਿਤਾ ਸੀ ਅਤੇ ਤਦ ਤੋਂ ਐਂਟੀਗੁਆ ਵਿਚ ਰਹਿ ਰਿਹਾ ਹੈ। ਸੀਬੀਆਈ ਅਤੇ ਈਡੀ ਨੇ ਉਸ ਵਿਰੁਧ ਕੇਸ ਦਰਜ ਕੀਤੇ ਹਨ। ਉਸ ਨੇ 3 ਜੂਨ ਨੂੰ ਹਲਫ਼ਨਾਮੇ ਜ਼ਰੀਏ ਕਿਹਾ ਕਿ ਉਸ ਦੀ ਦੇਸ਼ ਛੱਡਣ ਦੀ ਕੋਈ ਇੱਛਾ ਨਹੀਂ ਸੀ। ਉਦੋਂ ਉਸ ਵਿਰੁਧ ਕੋਈ ਵਾਰੰਟ ਨਹੀਂ ਸੀ। ਉਸ ਨੇ ਕੋਰਟ ਨੂੰ ਇਹ ਵੀ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਜਦ ਤਕ ਅਦਾਲਤ ਉਸ ਨੂੰ ਐਂਟੀਗੁਆ ਮੁੜਨ ਦੀ ਇਜਾਜ਼ਤ ਨਹੀਂ ਦਿੰਦੀ, ਉਹ ਕਿਤੇ ਨਹੀਂ ਜਾਵੇਗਾ ਅਤੇ ਭੱਜਣ ਦਾ ਇੱਛੁਕ ਨਹੀਂ ਹੈ।