ਕਟੀਹਾਰ : ਇੱਕ ਦਰਦਨਾਕ ਮੌਤ ਉਤੋਂ ਲਾਸ਼ ਦੀ ਬੇਕਦਰੀ, ਇਵੇਂ ਹੀ ਹੋਇਆ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਜਿਥੇ ਇਕ ਪਿਤਾ ਆਪਣੇ ਪੁੱਤਰ ਦੀ ਲਾਸ਼ ਨੂੰ ਇਕ ਥੈਲੇ ਵਿਚ ਪਾ ਕੇ ਲਿਜਾਂਦਾ ਦਿਸਿਆ। ਮਿਲੀ ਜਾਣਕਾਰੀ ਮੁਤਾਬਕ ਭਾਗਲਪੁਰ ਦੇ ਗੋਪਾਲਪੁਰ ਥਾਣਾ ਖੇਤਰ ਦਾ ਵਸਨੀਕ ਲੇਰੂ ਯਾਦਵ ਆਪਣੇ ਬੇਟੇ ਨਾਲ ਕਿਸ਼ਤੀ ਰਾਹੀਂ ਗੰਗਾ ਪਾਰ ਕਰ ਰਿਹਾ ਸੀ। ਇਸ ਦੌਰਾਨ ਉਸ ਦਾ 13 ਸਾਲਾ ਬੇਟਾ ਹਰੀਓਮ ਯਾਦਵ ਕਿਸ਼ਤੀ ਤੋਂ ਉਤਰਨ ਦੌਰਾਨ ਡਿੱਗ ਗਿਆ ਅਤੇ ਨਦੀ ਵਿੱਚ ਰੁੜ੍ਹ ਗਿਆ। ਇਸ ਸਬੰਧੀ ਪੀੜਤ ਨੇ ਪੁਲਿਸ ਕੋਲ ਸਿ਼ਕਾਇਤ ਵੀ ਦਰਜ ਕਰਵਾਈ ਸੀ ਅਤੇ ਬੀਤੇ ਸ਼ੁੱਕਰਵਾਰ ਨੂੰ ਕਟੀਹਾਰ ਜ਼ਿਲ੍ਹੇ ਦੇ ਕੁਰਸੇਲਾ ਥਾਣਾ ਖੇਤਰ ਦੇ ਖੋਰੀਆ ਘਾਟ 'ਤੇ ਬੱਚੇ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੇਹ ਨੂੰ ਵੇਖਦੇ ਲੜਕੇ ਦੇ ਪਿਤਾ ਦੇ ਹੋਸ਼ ਉਡ ਗਏ ਕਿਉਂਕਿ ਲਾਸ਼ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਖਾਦਾ ਗਿਆ ਸੀ। ਇਸ ਸੱਭ ਮਗਰੋਂ ਪੁਲਿਸ ਮੌਕੇ ਉਤੇ ਪੁੱਜੀ ਅਤੇ ਕਰਨ ਵਾਲੀ ਕਾਰਵਾਈ ਮੂੰਹ ਜੁਬਾਨੀ ਦਸ ਕੇ ਤੁਰਦੀ ਬਣੀ। ਇਥੇ ਬੇਵੱਸ ਪਿਤਾ ਨੇ ਆਪਣੇ ਬੱਚੇ ਦੀ ਅੱਧ-ਪਚੱਦੀ ਲਾਸ਼ ਨੂੰ ਇੱਕ ਥੈਲੇ ਵਿੱਚ ਪਾਇਆ ਅਤੇ ਕੋਈ ਸਾਧਨ ਨਾ ਮਿਲਣ ਕਾਰਨ ਪੈਦਲ ਹੀ ਤੁਰ ਪਿਆ। ਤਿੰਨ ਕਿਲੋਮੀਟਰ ਪੈਦਲ ਤੁਰਨ ਤੋਂ ਬਾਅਦ, ਜਦੋਂ ਉਸ ਨੂੰ ਰਸਤੇ ਵਿੱਚ ਕੁਝ ਲੋਕ ਮਿਲੇ ਤਾਂ ਉਨ੍ਹਾਂ ਨੇ ਪੀੜਤ ਨੂੰ ਸਹਾਰਾ ਦਿਤਾ। ਓਧਰ, ਐਸਡੀਪੀਓ ਅਮਰਕਾਂਤ ਝਾਅ ਇਸ ਪੂਰੇ ਮਾਮਲੇ ਨੂੰ ਦੂਸਰੇ ਥਾਣੇ ਦੇ ਕੇਸ ਕਹਿ ਕੇ ਪੱਲਾ ਝਾੜਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਉਨ੍ਹਾਂ ਖੇਰੀਆ ਨਦੀ ਘਾਟ ਤੋਂ ਇੱਕ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ। ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ 10 ਦਿਨ ਪਹਿਲਾਂ ਗੋਪਾਲਪੁਰ ਥਾਣੇ 'ਚ ਦਰਜ ਕਰਵਾਈ ਗਈ ਸੀ। ਅਜਿਹੇ 'ਚ ਇਹ ਉਸ ਥਾਣੇ ਦਾ ਮਾਮਲਾ ਹੈ, ਇਸ ਲਈ ਲਾਸ਼ ਨੂੰ ਪੋਸਟ ਮਾਰਟਮ ਲਈ ਭਾਗਲਪੁਰ ਭੇਜ ਦਿੱਤਾ ਗਿਆ ਹੈ। ਲਾਸ਼ ਨੂੰ ਥੈਲੇ 'ਚ ਲਿਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਏਗੀ। ਇਹ ਮਾਮਲਾ ਗੋਪਾਲਪੁਰ ਥਾਣੇ ਦਾ ਹੈ, ਫਿਰ ਵੀ ਇਸ ਦੀ ਜਾਂਚ ਕੀਤੀ ਜਾਏਗੀ।