ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੇ ਇਲਾਜ ਦੇ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਕੀਤਾ ਹੈ। ਹੁਣ ਜਿਹੜੇ ਮਰੀਜ਼ਾਂ ਵਿਚ ਕੋਰੋਨਾ ਦੇ ਲੱਛਣ ਨਜ਼ਰ ਨਹੀਂ ਆਉਂਦੇ ਜਾਂ ਹਲਕੇ ਲੱਛਣ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀਆਂ ਦਵਾਈਆਂ ਲੈਣ ਦੀ ਲੋੜ ਨਹੀਂ। ਹਾਲਾਂਕਿ ਦੂਜੀਆਂ ਬੀਮਾਰੀਆਂ ਦੀਆਂ ਜਿਹੜੀਆਂ ਦਵਾਈਆਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਜਾਰੀ ਰਖਣਾ ਚਾਹੀਦਾ ਹੈ। ਅਜਿਹੇ ਮਰੀਜ਼ਾਂ ਨੂੰ ਟੈਲੀ ਕਨਸਲਟੇਸ਼ਨ ਯਾਨੀ ਵੀਡੀਓ ਜ਼ਰੀਏ ਇਲਾਜ ਲੈਣਾ ਚਾਹੀਦਾ ਹੈ। ਚੰਗੀ ਖ਼ੁਰਾਕ ਲੈਣੀ ਚਾਹੀਦੀ ਹੈ ਅਤੇ ਮਾਸਕ, ਸਮਾਜਕ ਦੂਰੀ ਜਿਹੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਜ਼ ਦੇ ਨਿਰਦੇਸ਼ਾਂ ਤਹਿਤ ਬਿਨਾਂ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਵਰਤੀਆਂ ਜਾ ਰਹੀਆਂ ਸਾਰੀਆਂ ਦਵਾਈਅਹਾਂ ਨੂੰ ਲਿਸਟ ਤੋਂ ਹਟਾ ਦਿਤਾ ਹੈ। ਇਨ੍ਹਾਂ ਵਿਚ ਬੁਖ਼ਾਰ ਅਤੇ ਸਰਦੀ-ਖੰਘ ਦੀਆਂ ਦਵਾਈਆਂ ਵੀ ਸ਼ਾਮਲ ਹਨ। ਕਿਹਾ ਗਿਆ ਹੈ ਕਿ ਅਜਿਹੇ ਪੀੜਤਾਂ ਨੂੰ ਦੂਜੇ ਟੈਸਟ ਕਰਵਾਉਣ ਦੀ ਲੋੜ ਵੀ ਨਹੀਂ ਹੈ। ਇਸ ਤੋਂ ਪਹਿਲਾਂ 27 ਮਈ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿਚ ਹਲਕੇ ਲੱਛਣਾਂ ਵਾਲੇ ਮਰੀਜ਼ਾਂ ’ਤੇ ਹਾਈਡਰੋਕਸੀਕਲੋਰੋਕਵੀਨ, ਆਈਵਰਮੈਕਟਨ ਅਤੇ ਅਜਿਹੀਆਂ ਹੋਰ ਦਵਾਈਆਂ ਦੀ ਮਨਾਹੀ ਕੀਤੀ ਗਈ ਸੀ। ਇਸ ਦੇ ਇਲਾਵਾ ਬਿਨਾਂ ਲੱਛਣ ਵਾਲੇ ਮਰੀਜ਼ਾ ਨੂੰ ਸੀਟੀ ਸਕੈਨ ਜਿਹੇ ਗੈਰਜ਼ਰੂਰੀ ਟੈਸਟ ਲਿਖਣ ਤੋਂ ਵੀ ਮਨ੍ਹਾ ਕਰ ਦਿਤਾ ਗਿਆ ਹੈ।