ਕੋਲਕਾਤਾ : ਪੁਲਿਸ ਨੇ ਜਗਰਾਉਂ ਵਿਖੇ ਬੀਤੇ ਦਿਨੀਂ ਦੋ ਥਾਣੇਦਾਰਾਂ ਦੀ ਹਤਿਆ ਕਰਨ ਵਾਲੇ ਦੋ ਗੈਂਗਸਟਰਾਂ ਨੂੰ ਮਾਰ-ਮੁਕਾਇਆ ਹੈ। ਇਹ ਮੁਕਾਬਲਾ ਕੋਲਕਾਤਾ ਵਿਚ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਬੰਗਾਲ ਪੁਲਿਸ ਦੀ ਮਦਦ ਨਾਲ ਗੈਂਗਸਟਰਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਨੂੰ ਘੇਰਾ ਪਾ ਲਿਆ ਜਿਸ ਮਗਰੋਂ ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਹੋਈ ਅਤੇ ਦੋਵੇਂ ਗੈਂਗਸਟਰ ਮਾਰੇ ਗਏ।
‘ਏ’ ਕੈਟਾਗਰੀ ਦਾ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਸਾਥੀ ਜਸਪ੍ਰੀਤ ਜੱਸੀ 15 ਮਈ ਨੂੰ ਜਗਰਾਉਂ ਦੇ ਸੀ.ਆਈ.ਏ. ਸਟਾਫ਼ ਵਿੱਚ ਤਾਇਨਾਤ ਦੋ ਏ.ਐਸ.ਆਈਜ਼ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ’ਤੇ ਉੱਥੇ ਦੀ ਦਾਣਾ ਮੰਡੀ ਵਿੱਚ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਇਸ ਘਟਨਾ ਵਿੱਚ ਦੋਵੇਂ ਥਾਣੇਦਾਰ ਮਾਰੇ ਗਏ ਸਨ।
ਇਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਤੋਂ ਇਲਾਵਾ ਕੁਝ ਹੋਰਨਾਂ ਨੂੰ ਨਾਮਜ਼ਦ ਕਰਨ ਉਪਰੰਤ ਕਈ ਗ੍ਰਿਫ਼ਤਾਰੀਆਂ ਕੀਤੀਆਂ ਸਨ ਪਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਪੁਲਿਸ ਦੇ ਹੱਥ ਨਹੀਂ ਲੱਗੇ ਸਨ। ਇਸ ਮਾਮਲੇ ਵਿੱਚ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਦਰਸ਼ਨ ਸਿੰਘ ਦੀ ਪਤਨੀ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸੇ ਸੰਬੰਧ ਵਿੱਚ ਜੈਪਾਲ ਭੁੱਲਰ ’ਤੇ 10 ਲੱਖ ਰੁਪਏ ਅਤੇ ਜਸਪ੍ਰੀਤ ਜੱਸੀ ’ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਪੁਲਿਸ ਨੂੰ ਇਹ ਖ਼ਬਰ ਮਿਲੀ ਸੀ ਕਿ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਕੋਲਕਾਤਾ ਦੇ ਨਿਊ ਟਾਊਨ ਇਲਾਕੇ ਅੰਦਰ ਸਥਿਤ ਸ਼ਾਹਪੁਰ ਕੰਪਲੈਕਸ ਵਿੱਚ ਕਿਤੇ ਲੁਕੇ ਹੋਏ ਹਨ। ਇਸ ਸੂਹ ਦੇ ਆਧਾਰ ’ਤੇ ਪੁਲਿਸ ਦੀ ‘ਉਕੂ’ ਟੀਮ ਪੰਜਾਬ ਤੋਂ ਕੋਲਕਾਤਾ ਗਈ ਸੀ ਜਿਸਨੇ ਖ਼ਬਰ ਪੱਕੀ ਹੋਣ ’ਤੇ ਕੋਲਕਾਤਾ ਐਸ.ਟੀ.ਐਫ. ਦੀ ਮਦਦ ਨਾਲ ਘੇਰਾ ਪਾਇਆ ਤਾਂ ਗੋਲੀਬਾਰੀ ਹੋ ਗਈ। ਇਸ ਗੋਲੀਬਾਰੀ ਵਿੱਚ ਦੋਵੇਂ ਗੈਂਗਸਟਰ ਫ਼ਲੈਟ ਦੇ ਅੰਦਰ ਹੀ ਢੇਰ ਹੋ ਗਏ ਜਦਕਿ ਬੰਗਾਲ ਪੁਲਿਸ ਦਾ ਇਕ ਇੰਸਪੈਕਟਰ ਜ਼ਖ਼ਮੀ ਹੋ ਗਿਆ। ਸੂਤਰਾਂ ਅਨੁਸਾਰ ਇਹ ‘ਐਨਕਾਊਂਟਰ’ ਬੁੱਧਵਾਰ ਦੁਪਹਿਰ 3.30 ਵਜੇ ਦੇ ਕਰੀਬ ਹੋਇਆ।
ਜੈਪਾਲ ਭੁੱਲਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਣੇ ਕਈ ਜਗ੍ਹਾ ’ਤੇ ਕਈ ਕੇਸਾਂ ਵਿੱਚ ਲੋੜੀਂਦਾ ਹੈ ਜਿਨ੍ਹਾਂ ਵਿੱਚ ਕਤਲ, ਇਰਾਦਾ ਏ ਕਤਲ, ਲੁੱਟਾਂ ਖ਼ੋਹਾਂ ਅਤੇ ਫ਼ਿਰੌਤੀਆਂ ਨਾਲ ਸੰਬੰਧਤ ਮਾਮਲੇ ਸ਼ਾਮਲ ਸਨ। ਉਹ 30 ਅਪ੍ਰੈਲ 2016 ਨੂੰ ਇਕ ਹੋਰ ਨਾਮੀ ਗੈਂਗਸਟਰ ਰੌਕੀ ਫ਼ਾਜ਼ਿਲਕਾ ਨੂੰ ਹਿਮਾਚਲ ਦੇ ਪਰਵਾਣੂ ਵਿੱਚ ਟਿੰਬਰ ਟਰੇਲ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਤੋਂ ਬਾਅਦ ਲਗਾਤਾਰ ਫ਼ਰਾਰ ਚੱਲਿਆ ਆ ਰਿਹਾ ਸੀ।