ਮੁੰਬਈ : ਮਹਾਰਾਸ਼ਟਰ ਦੇ ਮੁੰਬਈ ਵਿਚ ਪੈ ਰਹੀ ਬਰਸਾਤ ਕਾਰਨ ਇਕ ਇਮਾਰਤ ਡਿੱਗ ਪਈ ਜਿਸ ਦੀ ਲਪੇਟ ਵਿਚ ਕਈ ਜਣੇ ਆ ਗਏ। ਪਹਿਲਾਂ ਪਤਾ ਹੋਣ ਦੇ ਬਾਵਜੂਦ ਇਹ ਹਾਦਸਾ ਵਾਪਰ ਗਿਆ। ਬੀਤੇ ਕਲ ਹੀ ਪ੍ਰਸ਼ਾਸਨ ਨੇ ਭਾਰੀ ਬਰਸਾਤ ਕਾਰਨ ਪੁਰਾਣੀਆਂ ਇਮਾਰਤਾਂ ਖ਼ਾਲੀ ਕਰਨ ਦੇ ਹੁਕਮ ਦਿਤੇ ਸਨ ਪਰ ਇਸ ਤਰ੍ਹਾਂ ਹੋ ਨਾ ਸਕਿਆ। ਹੁਣ ਦਿਨ ਭਰ ਪਏ ਭਾਰੀ ਮੀਂਹ ਨੇ ਮੁਸੀਬਤ ਖੜ੍ਹੀ ਕਰ ਦਿੱਤੀ, ਜਦੋਂ ਕਿ ਰਾਤ ਦੇ 11 ਵਜੇ ਮਲਾਡ ਦੇ ਮਾਲਵਾਨੀ ਖੇਤਰ ਵਿੱਚ 4 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਕੇ ਢਹਿ-ਢੇਰੀ ਹੋ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਹਾਦਸੇ ਸਮੇਂ ਇਮਾਰਤ ਵਿਚ 20 ਤੋਂ ਜ਼ਿਆਦਾ ਲੋਕ ਮੌਜੂਦ ਸਨ। ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸਹਾਇਤਾ ਕੀਤੀ। ਖ਼ਬਰਾਂ ਮੁਤਾਬਕ ਹਾਲੇ ਤਕ ਬਚਾਓ ਕਾਰਜ ਜਾਰੀ ਹਨ ਅਤੇ ਖਦਸਾ ਜਾਹਰ ਕੀਤਾ ਜਾ ਰਿਹਾ ਹੈ ਕਿ ਮਲਬੇ ਵਿਚ ਹੋਰ ਲੋਕ ਵੀ ਹੋ ਸਕਦੇ ਹਨ।