ਸ੍ਰੀ ਮੁਕਤਸਰ ਸਾਹਿਬ : ਨਸ਼ਈਆਂ ਨੇ ਹੁਣ ਅਜੀਬ ਕਾਰੇ ਵੀ ਕਰਨੇ ਸ਼ੁਰੂ ਕਰ ਦਿਤੇ ਹਨ। ਆਪਣੇ ਨਸ਼ੇ ਦੀ ਪੂਰਤੀ ਲਈ ਹੁਣ ਇਨ੍ਹਾਂ ਨੇ ਸ਼ਮਸ਼ਾਨਘਾਟ ਨੂੰ ਵੀ ਨਹੀਂ ਬਖਸਿ਼ਆ ਤੇ ਚੋਰੀ ਦੀ ਵਾਰਦਾਤ ਕਰ ਦਿਤੀ। ਦਰਅਸਲ ਹਲਕੇ ਦੇ ਪਿੰਡ ਸਹਿਣਾ ਖੇੜਾ ਦੇ ਕੁੱਝ ਨਸ਼ੇੜੀਆਂ ਨੇ ਬੀਤੀ ਰਾਤ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਹੀ ਨਿਸ਼ਾਨਾ ਬਣਾ ਲਿਆ ਅਤੇ ਸ਼ਮਸ਼ਾਨ ਘਾਟ ਵਿੱਚ ਬਣੀ ਭੱਠੀ ਅੰਦਰੋਂ ਦੇਗੀ ਲੋਹੇ ਦੀਆਂ ਗਰਿੱਲਾਂ ਚੋਰੀ ਕਰ ਕੇ ਲੈ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਵਾਲੀ ਭੱਠੀ ਵਿੱਚ ਕਰੀਬ 30 ਦੇਗੀ ਲੋਹੇ ਦੀਆਂ ਗਰਿੱਲਾਂ ਲੱਗੀਆਂ ਸਨ ਅਤੇ ਸੋਮਵਾਰ ਰਾਤ ਨੂੰ ਪਿੰਡ ਦੇ ਨਸ਼ੇੜੀਆਂ ਨੇ ਅੱਧੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰ ਲਈਆਂ। ਇਹ ਚੋਰ ਇਸ ਕਦਰ ਬੇਖੌਫ ਸਨ ਕਿ ਉਹਨਾਂ ਨੇ ਪਹਿਲਾਂ ਭੱਠੀ ਅੰਦਰ ਲੱਗੀਆਂ ਗਰਿੱਲਾਂ ਵਿਚਲੇ ਲੋਹੇ ਦੇ ਸਰੀਏ ਨੂੰ ਕੱਟਿਆ ਅਤੇ ਫੇਰ ਉਸ ਵਿੱਚੋਂ ਅੱਧੀਆਂ ਗਰਿੱਲਾਂ ਕੱਢੀਆਂ ਅਤੇ ਬਾਕੀ ਅੱਧੀਆਂ ਨੂੰ ਠੀਕ ਉਸੇ ਤਰਾਂ ਫਿੱਟ ਕਰ ਦਿੱਤੀਆਂ। ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਮਸ਼ਾਨ ਘਾਟ ਵਿੱਚ ਪਈਆਂ ਸਰਿੰਜਾਂ, ਸੂਈਆਂ ਤੇ ਹੋਰ ਸਮਾਨ ਵੀ ਵਿਖਾਇਆ। ਪਿੰਡ ਵਾਸੀਆਂ ਅਨੁਸਾਰ ਨਸ਼ੇੜੀ ਸ਼ਮਸ਼ਾਨ ਘਾਟ ਵਿੱਚ ਆ ਕੇ ਨਸ਼ੇ ਦੇ ਟੀਕੇ ਲਗਾਉਂਦੇ ਸਨ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਉਹ ਨਸ਼ੇੜੀਆਂ ਤੋਂ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸ਼ਨ ਦੋਸ਼ੀਆਂ ਦੀ ਤਲਾਸ਼ ਕਰ ਕੇ ਸਖਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਨਸ਼ਾ ਤਸਕਰਾਂ 'ਤੇ ਵੀ ਲਗਾਮ ਕਸੇ।