ਤੇਲੰਗਾਨਾ : ਇਥੇ ਇਕ ਦਿਲ ਕੰਬਾਉ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਜੋੜੇ ਨੇ ਰਲ ਕੇ ਆਪਣੇ ਮਾਪਿਆਂ ਨੂੰ ਕੋਰੋਨਾ ਦੀ ਆੜ ਵਿਚ ਵੱਖ ਰਖ ਕੇ ਮੌਤ ਦੇ ਘਾਟ ਉਤਾਰ ਦਿਤਾ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਜੋੜਾ ਭੁੱਖ ਕਾਰਨ ਮੌਤ ਦੇ ਮੂੰਹ ਵਿਚ ਚਲਾ ਗਿਆ। ਇਹ ਘਟਨਾ ਤੇਲੰਗਾਨਾ ਦੇ ਜ਼ਿਲ੍ਹਾ ਸੂਰਿਆਪੇਟ ਦੇ ਤੁੰਮਾਗੁਦੇਮ ਆਫ ਮੋਟ ਮੰਡਲ ਦੀ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋੜੇ ਨੇ ਕੋਰੋਨਾ ਨੂੰ ਕਾਰਨ ਬਣਾ ਕੇ ਮਾਪਿਆਂ ਦੀ ਮੌਤ ਦੀ ਸਾਜ਼ਿਸ਼ ਰਚੀ ਸੀ। ਬਜ਼ੁਰਗ ਜੋੜੇ ਰਾਮਾਚੰਦਰਾ ਰੈੱਡੀ ਅਤੇ ਅੰਨਾਸੁਯੰਮ ਦੀ ਇੱਕ ਧੀ ਅਤੇ ਦੋ ਪੁੱਤਰ ਹਨ। ਰਾਮਾਚੰਦਰ ਰੈੱਡੀ ਨੇ ਸਖ਼ਤ ਮਿਹਨਤ ਕੀਤੀ ਅਤੇ ਜਾਇਦਾਦ ਬਣਾਈ। ਉਨ੍ਹਾਂ ਦੀ ਕਰੀਬ 40 ਏਕੜ ਜ਼ਮੀਨ ਹੈ। ਜਦੋਂ ਉਹ ਬਜ਼ੁਰਗ ਹੋਏ ਤਾਂ ਉਨ੍ਹਾਂ ਨੇ ਆਪਣੇ ਦੋਵਾਂ ਪੁੱਤਰਾਂ ਵਿਚਾਲੇ ਬਰਾਬਰ ਜ਼ਮੀਨ ਵੰਡ ਦਿੱਤੀ। ਪਰ, ਜਿਹੜੇ ਪੁੱਤਰਾਂ ਨੇ ਉਨ੍ਹਾਂ ਦੀ ਬੁਢਾਪੇ ਵਿੱਚ ਸੇਵਾ ਕਰਨੀ ਸੀ, ਉਨ੍ਹਾਂ ਨੇ ਦੋ ਮਹੀਨੇ ਵਿੱਚ ਵਾਰੀ-ਵਾਰੀ ਸੇਵਾ ਕਰਨ ਦਾ ਸਮਝੌਤਾ ਕੀਤਾ। ਪਰ, ਜਦੋਂ ਉਨ੍ਹਾਂ ਦੇ ਛੋਟੇ ਬੇਟੇ ਦੀ ਮੌਤ ਹੋ ਗਈ ਤਾਂ ਨੂੰਹ ਨੇ ਇਹ ਜ਼ਿੰਮੇਵਾਰੀ ਚੁੱਕੀ। ਰਾਮਾਚੰਦਰ ਰੈੱਡੀ 90 ਸਾਲ ਦੇ ਸਨ ਅਤੇ ਅੰਨਾਸੁਯੰਮਾ ਦੀ ਉਮਰ 80 ਸਾਲ ਦੀ ਸੀ। ਜਦੋਂ ਉਨ੍ਹਾਂ ਦੇ ਵੱਡੇ ਪੁੱਤਰ ਨਾਗੇਸ਼ਵਰ ਰੈੱਡੀ ਅਤੇ ਉਨ੍ਹਾਂ ਦੀ ਪਤਨੀ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਬਜ਼ੁਰਗ ਮਾਪੇ ਬੋਝ ਲੱਗਣ ਲੱਗੇ। ਇਸ ਲਈ, ਉਨ੍ਹਾਂ ਨੇ ਉਨ੍ਹਾਂ ਘਰ ਰੱਖਣ ਦੀ ਬਜਾਇ ਨੇੜਲੀ ਇੱਕ ਝੁੱਗੀ ਵਿੱਚ ਰੱਖਿਆ। ਉਹ ਝੁੱਗੀ ਪਲਾਸਟਿਕ ਸ਼ੀਟ ਨਾਲ ਢਕੀ ਹੋਈ ਸੀ ਅਤੇ ਵਧਦੇ ਤਾਪਮਾਨ ਕਾਰਨ ਬਜ਼ੁਰਗ ਜੋੜਾ ਕਾਫੀ ਪਰੇਸ਼ਾਨ ਹੁੰਦਾ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ। ਮੁਨਾਗਾਲਾ ਸੀਆਈ ਅਨਜਾਨਯੁਲੂ ਨੇ ਦੱਸਿਆ ਕਿ ਨੌਜਵਾਨ ਜੋੜਾ ਇਸ ਤੋਂ ਸੰਤੁਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਭੁੱਖੇ ਰੱਖ ਕੇ ਮਾਰਨ ਦੀ ਯੋਜਨਾ ਬਣਾਈ ਸੀ। ਪੁੱਤਰ ਅਤੇ ਨੂੰਹ ਦੋਵੇਂ ਹੀ ਕਬੂਲ ਕਰ ਚੁੱਕੇ ਹਨ ਕਿ ਉਹ ਬਜ਼ੁਰਗ ਜੋੜੇ ਦੀ ਮੌਤ ਦੇ ਜ਼ਿੰਮੇਵਾਰ ਹਨ। ਉਨ੍ਹਾਂ ਨੇ ਇਹ ਗ੍ਰਿਫ਼ਤਾਰੀ ਅਤੇ ਜਾਂਚ ਸ਼ੁਰੂ ਹੋਣ ਤੋਂ ਬਾਅਦ ਕਬੂਲਿਆ। ਇਹ ਸਪੱਸ਼ਟ ਹੈ ਕਿ ਮੁਲਜ਼ਮ ਨਾਗੇਸ਼ਵਰ ਰੈੱਡੀ ਅਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਨੇ ਆਪਣੇ ਮਾਪਿਆਂ ਨੂੰ ਬਿਲਕੁਲ ਅਣਗੌਲਿਆਂ ਕੀਤਾ। ਹੁਣ ਪੁਲਿਸ ਵੱਲੋਂ ਜੋੜੇ ਨੂੰ ਆਪਣੇ ਮਾਪਿਆਂ ਨੂੰ ਭੁੱਖੇ ਰੱਖ ਕੇ ਮਾਰਨ ਲਈ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਜਾਂਚ ਦੌਰਾਨ ਆਪਣਾ ਜ਼ੁਰਮ ਕਬੂਲ ਕੀਤਾ ਹੈ। 27 ਮਈ ਨੂੰ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਮੋਟੇ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ। ਸੀਆਈ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 304 ਦੇ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ। ਜਿਨ੍ਹਾਂ ਲਾਸ਼ਾਂ ਨੂੰ ਦਫ਼ਨਾਇਆ ਗਿਆ ਸੀ, ਉਨ੍ਹਾਂ ਨੂੰ ਕੱਢਿਆ ਗਿਆ ਅਤੇ ਪੋਸਟ ਮਾਰਟਮ ਕਰ ਕੇ ਪੰਚਨਾਮਾ ਕਰਵਾਇਆ ਗਿਆ।