ਚੰਡੀਗੜ੍ਹ : ਜਦੋਂ ਤੋਂ ਦਿੱਲੀ ਦੀਆਂ ਸਰਹਦਾਂ ਉਤੇ ਕਿਸਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਪੰਜਾਬ ਦੀ ਸਿਆਸਤ ਵਿਚ ਕਾਫੀ ਹਲਚਲ ਚਲ ਰਹੀ ਹੈ। ਖਾਸ ਕਰ ਕੇ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਹੈ। ਇਸ ਸੱਭ ਦੇ ਬਾਵਜੂਦ ਭਾਜਪਾ ਪੰਜਾਬ ਵਿਚ ਆਪਣੇ ਬਚਾਓ ਵਿਚ ਹੱਥ ਪੈਰ ਮਾਰ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਵਿੱਚ 117 ਸੀਟਾਂ ਉੱਤੇ ਚੋਣ ਲੜੇਗੀ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਪੰਜਾਬ ਵਿੱਚ ਆ ਕੇ ਚੋਣ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ ਭਾਜਪਾ ਦੇ ਆਗੂਆਂ ਦਾ ਕਾਫੀ ਵਿਰੋਧ ਹੋ ਰਿਹਾ ਹੈ ਜਿਸ ਕਾਰਨ ਉਹ ਉਨ੍ਹਾਂ ਨੂੰ ਆਪਣੇ ਪਾਰਟੀ ਦੇ ਕੰਮਾਂ ਨੂੰ ਪੂਰਾ ਕਰਨਾ ਵੀ ਔਖਾ ਹੋ ਰਿਹਾ ਹੈ। ਮਾਹਰਾਂ ਦਾ ਤਾਂ ਇਹ ਕਹਿਣਾ ਹੈ ਕਿ ਪੰਜਾਬ ਵਿਚ ਭਾਜਪਾ ਨੂੰ ਕੋਈ ਵੋਟ ਨਹੀਂ ਪਾਵੇਗਾ ਪਰ ਇਸ ਦੇ ਬਾਵਜੂਦ ਭਾਜਪਾ ਨੂੰ ਪੂਰੀ ਉਮੀਦ ਹੈ ਕਿ ਉਹ ਜਿੱਤ ਦਰਜ ਕਰੇਗੀ। ਅੱਜ ਦੀ ਤਾਰੀਖ ਵਿਚ ਤਾਂ ਭਾਜਪਾਈਆਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ ਅਤੇ ਹੁਣ ਤਕ ਤਾਂ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਭਾਜਪਾ ਦੇ ਆਗੂ ਵੀ ਆਪਣੀ ਹਾਈਕਮਾਂਡ ਵਿਰੁਧ ਬੋਲਣੇ ਸ਼ੁਰੂ ਹੋ ਗਏ ਹਨ।