ਨਵੀਂ ਦਿੱਲੀ: ਦੇਸ਼ ਭਰ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਰਫ਼ਤਾਰ ਬੇਸ਼ੱਕ ਘਟ ਹੋ ਗਈ ਹੈ ਪਰ ਇਸ ਵਾਇਰਸ ਕਾਰਨ ਲੋਕਾਂ ਦੀਆਂ ਜਾਨਾਂ ਹਾਲੇ ਵੀ ਵੱਡੀ ਗਿਣਤੀ ਵਿਚ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਡਾਕਟਰ ਵੀ ਇਸ ਤੋਂ ਬਚ ਨਹੀਂ ਸਕੇ। ਕਈ ਡਾਕਟਰ ਤਾਂ ਮਰੀਜ਼ਾਂ ਦੇ ਇਲਾਜ ਦੌਰਾਨ ਖੁਦ ਬੀਮਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਗਏ ਅਤੇ ਕਈ ਵੈਸੇ ਹੋਰਾਂ ਦੀ ਤਰ੍ਹਾਂ ਕੋਰੋਨਾ ਦੀ ਲਪੇਟ ਵਿਚ ਆ ਗਏ। ਦਰਅਸਲ ਮਹਾਮਾਰੀ ਦੀ ਦੂਜੀ ਲਹਿਰ ’ਚ ਹੁਣ ਤਕ 719 ਡਾਕਟਰ ਜਾਣ ਗਵਾ ਚੁੱਕੇ ਹਨ। ਆਈਐਮਏ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤਕ ਕੁੱਲ 1,467 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਜਾਨ ਚਲੀ ਗਈ ਸੀ। ਆਈਐਮਏ ਅਨੁਸਾਰ, ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਸੱਭ ਤੋਂ ਵਧ 30 ਤੋਂ 55 ਸਾਲ ਦੇ ਵਿਚਕਾਰ ਡਾਕਟਰਾਂ ਨੇ ਅਪਣੀ ਜਾਨ ਗਵਾਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਅਨੁਸਾਰ ਇਸ ’ਚ ਸੱਭ ਤੋਂ ਜ਼ਿਆਦਾ ਬਿਹਾਰ ’ਚ 111 ਡਾਕਟਰ ਤੇ ਦਿੱਲੀ ’ਚ 109 ਡਾਕਟਰਾਂ ਦੀ ਮੌਤ ਹੋਈ ਹੈ ਜਦਕਿ ਕੋਰੋਨਾ ਦੀ ਵਜ੍ਹਾ ਨਾਲ ਉੱਤਰ ਪ੍ਰਦੇਸ਼ ’ਚ 79 ਤੇ ਪੱਛਮੀ ਬੰਗਾਲ ’ਚ 63 ਡਾਕਟਰਾਂ ਦੀ ਜਾਨ ਗਈ ਹੈ।