ਨਵੀਂ ਦਿੱਲੀ: ਦੱਖਣ ਪੱਛਮੀ ਮਾਨਸੂਨ ਉੱਤਰ ਪੱਛਮੀ ਬੰਗਾਲ ਦੀ ਖਾੜੀ ਦੇ ਬਾਕੀ ਹਿੱਸਿਆਂ ਵੱਲ ਵੀ ਅੱਗੇ ਵਧ ਗਿਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੀਤੀ ਰਾਤ ਤੋਂ ਹੀ ਬਾਰਸ਼ ਹੋ ਰਹੀ ਹੈ ਜਿਸ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਕੁੱਝ ਦਿਨ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ। ਇਥੇ ਦਸਣਯੋਗ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ ਬਾਰਸ਼ ਹੋ ਰਹੀ ਹੈ। ਇਸ ਸਮੇਂ ਮਾਨਸੂਨ ਪੱਛਮੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ ਤੇ ਝਾਰਖੰਡ ਤੇ ਬਿਹਾਰ ਦੇ ਕੁਝ ਹਿੱਸਿਆਂ 'ਚ ਪਹੁੰਚ ਚੁੱਕਾ ਹੈ। ਉੱਤਰ ਪ੍ਰਦੇਸ਼ 'ਚ ਮਾਨਸੂਨ ਦੀ ਆਮਦ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਐਲਾਨ ਕਰ ਦਿੱਤਾ ਹੈ ਕਿ ਯੂਪੀ ਦੀ ਸਰਹੱਦ 'ਚ ਐਤਵਾਰ ਕਿਸੇ ਵੀ ਸਮੇਂ ਮਾਨਸੂਨ ਦਾਖਲ ਹੋ ਜਾਵੇਗਾ। ਸੂਬੇ ਦੇ ਉਹ ਜ਼ਿਲ੍ਹੇ ਜਿੰਨ੍ਹਾਂ ਦੀ ਹੱਦ ਬਿਹਾਰ ਨਾਲ ਲੱਗਦੀ ਹੈ ਉਹ ਬਾਰਸ਼ ਨਾਲ ਤਰ-ਬਤਰ ਹੋ ਜਾਣਗੇ। ਮਾਨਸੂਨ ਰਾਜਧਾਨੀ 'ਚ 15 ਜੂਨ ਤਕ ਦਸਤਕ ਦੇ ਸਕਦਾ ਹੈ। ਜੋ ਇਸ ਦੇ ਤੈਅ ਸਮੇਂ ਤੋਂ 12 ਦਿਨ ਪਹਿਲਾਂ ਹੈ। ਮੌਸਮ ਵਿਭਾਗ ਦੇ ਮੁਖੀ ਮੁਤਾਬਕ ਇਸ ਵਾਰ ਮਾਨਸੂਨ ਆਉਣ ਦਾ ਸਮਾਂ 27 ਜੂਨ ਦੇ ਆਸਪਾਸ ਮੰਨਿਆ ਜਾ ਰਿਹਾ ਸੀ। ਪਰ ਦੱਖਣੀ ਪੱਛਮੀ ਮਾਨਸੂਨ ਦੀ ਵਜ੍ਹਾ ਨਾਲ ਇਹ 12 ਦਿਨ ਪਹਿਲਾਂ ਹੀ ਦਸਤਕ ਦੇ ਸਕਦਾ ਹੈ। ਮਾਨਸੂਨ ਦੇ ਛੇਤੀ ਆਉਣ ਦੇ ਤਿੰਨ ਮੁੱਖ ਕਾਰਨ ਹਨ। ਇਸ 'ਚ ਵੱਡੇ ਖੇਤਰ 'ਚ ਬਾਰਸ਼ ਦਾ ਹੋਣਾ, ਜ਼ਿਆਦਾ ਬਾਰਸ਼ ਹੋਣਾ ਤੇ ਹਵਾਵਾਂ ਦਾ ਜਲਦੀ ਆਉਣਾ ਸ਼ਾਮਲ ਹੈ। 2013 'ਚ ਮਾਨਸੂਨ ਨੇ 16 ਜੂਨ ਤਕ ਪੂਰੇ ਦੇਸ਼ 'ਚ ਦਸਤਕ ਦੇ ਦਿੱਤੀ ਸੀ।