ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਸਣੇ ਦਿੱਲੀ ਵਿਚ ਲੱਗੀਆਂ ਪਾਬੰਦੀਆਂ ਵਿਚ ਕੁੱਝ ਢਿੱਲ ਦਿਤੀ ਗਈ ਹੈ ਜਿਸ ਨਾਲ ਖਾਸ ਕਰ ਕੇ ਵਪਾਰੀਆਂ ਨੂੰ ਲਾਭ ਹੋਵੇਗਾ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਦੁਕਾਨਾਂ ਖੋਲ੍ਹਣ ਲਈ ਔਡ-ਈਵਨ ਫਾਰਮੂਲਾ ਖਤਮ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਕਰੋਨਾ ਕਾਰਨ ਸਕੂਲ ਤੇ ਹੋਰ ਵਿਦਿਅਕ ਸੰਸਥਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ ਪਰ ਸਾਰੀਆਂ ਦੁਕਾਨਾਂ ਤੇ ਮਾਲ ਭਲਕ ਤੋਂ ਖੁੱਲ੍ਹ ਜਾਣਗੇ। ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਨੇ ਦਸਿਆ ਕਿ ਰੇਸਤਰਾਂ ਆਪਣੀ ਕੁੱਲ ਸਮਰਥਾ ਦੇ 50% ਨਾਲ ਖੁੱਲ੍ਹਣਗੇ। ਇਸ ਤੋਂ ਇਲਾਵਾ ਹਫ਼ਤਾਵਾਰੀ ਬਾਜ਼ਾਰ ਵੀ ਭਲਕ ਤੋਂ ਲੱਗਣਗੇ ਪਰ ਹਰ ਜ਼ੋਨ ਵਿੱਚ ਇਕ ਬਾਜ਼ਾਰ ਹੀ ਲੱਗੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰਾਜਧਾਨੀ ਵਿੱਚ ਕਰੋਨਾ ਕਾਬੂ ਹੇਠ ਹੈ ਤੇ ਤੀਜੀ ਲਹਿਰ ਦੇ ਖਦਸ਼ੇ ਕਾਰਨ ਇਸ ਲਈ ਤਿਆਰੀਆਂ ਪੂਰੀਆਂ ਹਨ।
ਉਨ੍ਹਾਂ ਕਿਹਾ ਸਮਾਜਿਕ ਤੇ ਸੱਭਿਆਚਾਰਕ ਇਕੱਠਾਂ 'ਤੇ ਪਾਬੰਦੀ ਰਹੇਗੀ। ਜੇ ਅਗਲੇ ਹਫ਼ਤੇ ਕਰੋਨਾ ਕੇਸਾਂ ਵਿੱਚ ਵਾਧਾ ਦੇਖਿਆ ਗਿਆ ਤਾਂ ਬਾਜ਼ਾਰਾਂ ਤੇ ਰੇਸਤਰਾਂ 'ਤੇ ਮੁੜ ਪਾਬੰਦੀਆਂ ਲਗਾ ਦਿੱਤੀਆਂ ਜਾਣਗੀਆਂ। ਔਡ-ਈਵਨ ਫਾਰਮੂਲਾ ਹੁਣ ਖਤਮ ਹੋ ਗਿਆ ਹੈ, ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇ ਕੋਵਿਡ -19 ਦੇ ਮਾਮਲੇ ਆਉਣ ਵਾਲੇ ਹਫਤੇ ਵਿੱਚ ਵਧਦੇ ਹਨ ਤਾਂ ਫਿਰ ਦਿੱਲੀ ਦੇ ਬਾਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਆਖ਼ਰ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੇਸ਼ੱਕ ਕੁੱਝ ਪਾਬੰਦੀਆਂ ਲਾਗੂ ਰਹਿਣਗੀਆਂ ਪਰ ਜਿਨ੍ਹਾ ਵਿਚ ਢਿੱਲ ਦਿਤੀ ਗਈ ਹੈ ਉਸ ਸਬੰਧੀ ਲੋਕ ਸਰਕਾਰ ਦਾ ਸਾਥ ਦੇਣ।