ਹੈਦਰਾਬਾਦ: ਹੈਦਰਾਬਾਦ ਵਿਚ ਰਹਿਣ ਵਾਲੇ ਤਿੰਨ ਸਾਲ ਦੇ ਅਯਾਂਸ਼ ਦੇ ਮਾਤਾ ਪਿਤਾ ਦੀ ਮਿਹਨਤ ਰੰਗ ਲਿਆਈ ਹੈ। ਅਯਾਂਸ਼ ਲਈ ਦੁਨੀਆਂ ਦਾ ਸਭ ਤੋਂ ਮਹਿੰਗਾ ਇੰਜੈਕਸ਼ਨ ਉਪਲਭਧ ਕਰਾਇਆ ਗਿਆ ਅਤੇ ਨੌਂ ਜੂਨ ਨੂੰ ਉਸ ਨੂੰ ਜੋਲਗੇਨਸਮਾ ਨਾਮੀ ਇੰਜੈਕਸ਼ਨ ਲਾਇਆ ਗਿਆ ਜਿਸ ਦੀ ਕੀਮਤ 16 ਕਰੋੜ ਰੁਪਏ ਹੈ। ਦਰਅਸਲ, ਅਯਾਂਸ਼ ਦੁਰਲੱਭ ਬੀਮਾਰੀ ਤੋਂ ਪੀੜਤ ਹੈ ਜਿਸ ਦਾ ਨਾਮ ਹੈ ਸਪਾਈਨਲ ਮਸਕੂਲਰ ਏਟਰੋਫ਼ੀ ਜਿਸ ਦੇ ਇਲਾਜ ਲਈ ਉਸ ਨੂੰ ਇੰਜੈਕਸ਼ਨ ਦੀ ਲੋੜ ਸੀ ਪਰ ਉਸ ਦੇ ਮਾਪਿਆਂ ਕੋਲ ਏਨਾ ਪੈਸਾ ਨਹੀਂ ਸੀ। ਅਯਾਂਸ਼ ਦੀ ਮਦਦ ਲਈ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਿਹੇ ਕਈ ਵੱਡੇ ਕਲਾਕਾਰ ਅੱਗੇ ਆਏ। ਰੇਨਬੋਅ ਚਿਲਡਰਨ ਹਸਪਤਾਲ ਵਿਚ ਉਸ ਦਾ ਆਪਰੇਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇੰਪੈਕਟਗੁਰੂ ਡਾਟ ਕਾਮ ਸਦਕਾ ਅਯਾਂਸ਼ ਦੇ ਮਾਤਾ ਪਿਤਾ ਏਨੇ ਪੈਸੇੇ ਦਾ ਇੰਤਜ਼ਾਮ ਕਰ ਸਕੇ। ਵਿੱਤ ਮੰਤਰਾਲੇ ਨੇ ਵੀ ਮਦਦ ਕੀਤੀ ਜਿਸ ਨੇ 6 ਕਰੋੜ ਰੁਪਏ ਦਾ ਟੈਕਸ ਮਾਫ਼ ਕਰ ਦਿਤਾ। ਅਯਾਂਸ਼ ਦੇ ਪਿਤਾ ਯੋਗੇਸ਼ ਗੁਪਤਾ ਦਾ ਕਹਿਣਾ ਹੈ ਕਿ ਅਸੀਂ ਸਾਰੇ ਦਾਨੀਆਂ ਅਤੇ ਇੰਪੈਕਟਗੁਰੂ ਡਾਟ ਕਾਮ ਦੇ ਧਨਵਾਦੀ ਹਾਂ। ਇਨ੍ਹਾਂ ਸਾਰਿਆਂ ਨੇ ਮਿਲ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਦਵਾਈ ਦਿਵਾ ਕੇ ਉਸ ਨੂੰ ਜ਼ਿੰਦਗੀ ਦਾ ਤੋਹਫ਼ਾ ਦਿਤਾ ਹੈ। ਇਕ ਦਾਨੀ ਨੇ ਤਾਂ ਇਕੱਲੇ ਨੇ ਹੀ 56 ਲੱਖ ਰੁਪਏ ਦਿਤੇ। ਜ਼ਿਕਰਯੋਗ ਹੈ ਕਿ ਉਪਰੋਕਤ ਇੰਜੈਕਸ਼ਨ ਦੁਨੀਆਂ ਦਾ ਸਭ ਤੋਂ ਮਹਿੰਗਾ ਇੰਜੈਕਸ਼ਨ ਹੈ ਜੋ ਇਸ ਵੇਲੇ ਭਾਰਤ ਵਿਚ ਮੌਜੂਦ ਨਹੀਂ ਹੈ। ਇਸ ਨੂੰ ਅਮਰੀਕਾ ਤੋਂ ਕਰੀਬ 16 ਕਰੋੜ ਰੁਪਏ ਵਿਚ ਮੰਗਾਇਆ ਗਿਆ। ਕੁਲ 62 ਹਜ਼ਾਰ ਲੋਕਾਂ ਨੇ ਦਾਨ ਦਿਤਾ ਹੈ। ਇਹ ਦਵਾਈ ਰੀੜ੍ਹ ਦੀ ਹੱਡੀ ਦੀਆਂ ਮਾਸਪੇਸ਼ੀਆਂ ਨੂੰ ਠੀਕ ਕਰਨ ਲਈ ਦਿਤੀ ਗਈ ਹੈ। ਇਹ ਬੀਮਾਰੀ 8000 ਵਿਚੋਂ ਇਕ ਬੱਚੇ ਨੂੰ ਹੁੰਦੀ ਹੈ।