ਮੁੰਬਈ: ਮੁੰਬਈ ਦੇ ਚਾਂਦੀਵਲੀ ਇਲਾਕੇ ਤੋਂ ਵਿਧਾਇਕ ਦਲੀਪ ਪਾਂਡੇ ਦੀ ਵੀਡੀਓ ਸੋਸ਼ਲ ਮੀਡੀਆ ਵਿਚ ਫੈਲ ਰਹੀ ਹੈ। ਇਸ ਵੀਡੀਓ ਵਿਚ ਦਿਸ ਰਿਹਾ ਹੈ ਕਿ ਉਹ ਨਾਲੀ ਦੇ ਚਿੱਕੜ ਵਿਚ ਇਕ ਸ਼ਖ਼ਸ ਨੂੰ ਬਿਠਾਉਂਦਾ ਹੈ ਅਤੇ ਕੁਝ ਲੋਕਾਂ ਕੋਲੋਂ ਉਸ ਉਪਰ ਕੂੜਾ ਸੁਟਵਾਉਂਦਾ ਹੈ। ਦਸਿਆ ਜਾ ਰਿਹਾ ਹੈ ਕਿ ਇਹ ਸ਼ਖ਼ਸ ਠੇਕੇਦਾਰ ਹੈ ਜਿਸ ਨੂੰ ਸਫ਼ਾਈ ਦਾ ਕੰਮ ਦਿਤਾ ਗਿਆ ਸੀ ਪਰ ਉਸ ਨੇ ਅਪਣਾ ਕੰਮ ਈਮਾਨਦਾਰੀ ਨਾਲ ਨਹੀਂ ਕੀਤਾ। ਇਸ ਲਈ ਸਬਕ ਸਿਖਾਉਣ ਵਾਸਤੇ ਵਿਧਾਇਕ ਨੇ ਉਸ ਨਾਲ ਅਜਿਹਾ ਸਲੂਕ ਕੀਤਾ। ਮੁੰਬਈ ਵਿਚ ਮੀਂਹ ਕਾਰਨ ਥਾਂ ਥਾਂ ਪਾਣੀ ਖੜਾ ਹੋ ਗਿਆ। ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਚਾਂਦੀਵਲੀ ਤੋਂ ਸ਼ਿਵ ਸੈਨਾ ਵਿਧਾਇਕ ਪਾਂਡੇ ਅਪਣੇ ਵਿਧਾਨ ਸਭਾ ਖੇਤਰ ਵਿਚ ਨਿਕਲੇ। ਉਨ੍ਹਾਂ ਵੇਖਿਆ ਕਿ ਚਿੱਕੜ ਸੜਕਾਂ ’ਤੇ ਪਿਆ ਸੀ ਜਿਸ ਨੂੰ ਵੇਖ ਕੇ ਉਹ ਭੜਕ ਗਏ ਅਤੇ ਉਥੇ ਹੀ ਠੇਕੇਦਾਰ ਨੂੰ ਬੁਲਾਇਆ। ਠੇਕੇਦਾਰ ਦੇ ਆਉਂਦੇ ਹੀ ਉਸ ਨੂੰ ਚਿੱਕੜ ਅਤੇ ਪਾਣੀ ਵਾਲੀ ਸੜਕ ’ਤੇ ਬਿਠਾ ਦਿਤਾ। ਠੇਕੇਦਾਰ ਦੇ ਬੈਠਣ ਦੇ ਬਾਅਦ ਉਨ੍ਹਾਂ ਅਪਣੇ ਕਾਰਕੁਨਾਂ ਕੋਲੋਂ ਉਸ ਉਪਰ ਕੂੜਾ ਸੁਟਵਾਇਆ। ਵਿਧਾਇਕ ਨੇ ਕਿਹਾ ਕਿ ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਠੇਕੇਦਾਰ ਨੇ ਅਪਣਾ ਕੰਮ ਠੀਕ ਤਰ੍ਹਾਂ ਨਹੀਂ ਕੀਤਾ। ਪਾਂਡੇ ਨੇ ਕਿਹਾ, ‘ਮੈਂ ਪਿਛਲੇ 15 ਦਿਨਾਂ ਤੋਂ ਠੇਕੇਦਾਰ ਨੂੰ ਫ਼ੋਨ ਕਰ ਕੇ ਸੜਕ ਸਾਫ਼ ਕਰਨ ਲਈ ਕਹਿ ਰਿਹਾ ਹਾਂ। ਉਸ ਨੇ ਅਜਿਹਾ ਨਹੀਂ ਕੀਤਾ। ਸ਼ਿਵ ਸੈਨਾ ਵਾਲੇ ਖ਼ੁਦ ਕੰਮ ਕਰ ਰਹੇ ਹਨ।