ਮੁੰਬਈ: ਮਹਾਰਾਸ਼ਟਰ ਵਿਚ ਸਿਆਸੀ ਗਤੀਵਿਧੀਆਂ ਤੇਜ਼ੀ ਨਾਲ ਬਦਲਦੀਆਂ ਨਜ਼ਰ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਫਿਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਬੈਠਕ ਹੋਈ। ਇਸ ਦੇ ਬਾਅਦ ਸ਼ਿਵ ਸੈਨਾ ਵਲੋਂ ਕਿਹਾ ਗਿਆ ਹੈ ਕਿ 5 ਸਾਲ ਤਕ ਊਧਵ ਠਾਕਰੇ ਹੀ ਮੁੱਖ ਮੰਤਰੀ ਰਹਿਣਗੇ ਜਿਸ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਕਾਂਗਰਸ ਹੁਣ ਸਥਾਨਕ ਚੋਣਾਂ ਤੋਂ ਲੈ ਕੇ ਲੋਕ ਸਭਾ ਤਕ ਸਾਰੀਆਂ ਚੋਣਾਂ ਇਕੱਲਿਆਂ ਲੜੇਗੀ। ਇਸ ਤੋਂ ਪਹਿਲਾਂ ਮੁੰਬਈ ਕਾਂਗਰਸ ਦੇ ਆਗੂ ਵੀ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀਆਂ ਮੁੰਬਈ ਨਗਰ ਨਿਗਮ ਚੋਣਾਂ ਬਾਰੇ ਅਜਿਹਾ ਬਿਆਨ ਦੇ ਚੁੱਕੇ ਹਨ। ਜੇ ਕਾਂਗਰਸ ਅਪਣੇ ਇਸ ਪੈਂਤੜੇ ’ਤੇ ਕਾਇਮ ਰਹਿੰਦੀ ਹੈ ਤਾਂ ਤਿੰਨ ਦਲਾਂ ਦੇ ਗਠਜੋੜ ਵਾਲੀ ਸਰਕਾਰ ਬਣਾ ਕੇ ਮਹਾਰਾਸ਼ਟਰ ਵਿਚ ਭਾਜਪਾ ਨੂੰ ਟੱਕਰ ਦੇਣ ਦੀ ਸ਼ਰਦ ਪਵਾਰ ਦੀ ਯੋਜਨਾ ਠੱਪ ਹੋ ਸਕਦੀ ਹੈ। ਨਾਨਾ ਪਟੋਲੇ ਨੇ ਕਿਹਾ, ‘ਮੈਂ ਰਾਜ ਦਾ ਕਾਂਗਰਸ ਮੁਖੀ ਹਾਂ। ਇਸ ਲਈ ਅਪਣੀ ਪਾਰਟੀ ਦੇ ਵਿਚਾਰ ਵੀ ਮੈਂ ਹੀ ਰੱਖਾਂਗਾ। ਕਿਸੇ ਦੂਜੀ ਪਾਰਟੀ ਦਾ ਕੋਈ ਆਗੂ ਕਾਂਗਰਸ ਦੇ ਵਿਚਾਰ ਨਹੀਂ ਰੱਖੇਗਾ। ਉਨ੍ਹਾਂ ਕਿਹਾ, ‘ਮੈਨੂੰ ਪਤਾ ਹੈ ਕਿ ਸ਼ਰਦ ਪਵਾਰ ਨੇ ਕੀ ਕਿਹਾ ਪਰ ਕਾਂਗਰਸ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਰਾਜ ਵਿਚ ਅਗਲੀਆਂ ਸਾਰੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਪਾਰਟੀ ਇਕੱਲਿਆਂ ਲੜੇਗੀ। ਪਵਾਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਮਹਾਰਾਸ਼ਟਰ ਵਿਚ ਸ਼ਾਸਨ ਕਰ ਰਹੀ ਮਹਾਵਿਕਾਸ ਅਘਾੜੀ ਸਰਕਾਰ ਨਾ ਸਿਰਫ਼ ਅਪਣਾ ਕਾਰਜਕਾਲ ਪੂਰਾ ਕਰੇਗੀ ਸਗੋਂ ਕਾਂਗਰਸ-ਐਨਸੀਪੀ ਅਤੇ ਸ਼ਿਵ ਸੈਨਾ ਮਿਲ ਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਵੀ ਚੰਗੀ ਸਫ਼ਲਤਾ ਹਾਸਲ ਕਰਨਗੀਆਂ।