ਅੰਮ੍ਰਿਤਸਰ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਨਵਾਂ ਬਣਿਆ ਅਕਾਲੀ ਦਲ ਤੇ ਬਸਪਾ ਦਾ ਗਠਜੋੜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ ਤੇ ਉਹਨਾਂ ਇਹ ਵੀ ਕਿਹਾ ਕਿ ਹੋਰ ਵੀ ਹਮਖਿਆਲੀ ਪਾਰਟੀਆਂ ਜਲਦੀ ਹੀ ਅਕਾਲੀ ਦਲ ਤੇ ਬਸਪਾ ਦੇ ਇਸ ਗਠਜੋੜ ਦਾ ਹਿੱਸਾ ਬਣਨਗੀਆਂ।
ਇਹ ਗੱਲ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਥੇ ਮਜੀਠਾ ਹਲਕੇ ਦੇ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਲਈ 7 ਸੌ ਕੁਇੰਟਲ ਕਣਕ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਕ ਸਮਾਨ ਵਿਚਾਰਧਾਰਾ ਵਾਲੀਆਂ ਦੋ ਵੱਡੀਆਂ ਪਾਰਟੀਆਂ ਇਕ ਮੁਹਾਜ਼ ’ਤੇ ਇਕੱਠੀਆਂ ਹੋੲਂਆਂ ਹਨ। ਉਹਨਾਂ ਕਿਹਾ ਕਿ ਇਸਦਾ ਨਤੀਜਾ ਇਹ ਨਿਕੇਗਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਗਠਜੋੜ ਹੂੰਝਾ ਫੇਰ ਜਿੱਤ ਦਰਜ ਕਰੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਦੋ ਮਨਾਂ ਦਾ ਸੁਮੇਲ ਹੈ। ਉਹਨਾਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਸੰਸਦ ਵਿਚ ਤਿੰਨ ਖੇਤੀ ਬਿੱਲਾਂ ਦਾ ਜ਼ੋਰਦਾਰ ਵਿਰੋਧ ਵੀ ਕੀਤਾ ਤੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਤਾਂ ਇਸ ਮਾਮਲੇ ਵਿਚ ਮੰਤਰੀ ਮੰਡਲ ਤੋਂ ਅਸਤੀਫਾ ਵੀ ਦੇ ਦਿੱਤਾ ਤੇ ਅਕਾਲੀ ਦਲ ਐਨ ਡੀ ਏ ਦੀ ਭਾਈਵਾਲੀ ਛੱਡ ਗਿਆ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਤੇ ਆਪ ਨੇ ਵਾਕ ਆਊਟ ਕਰਦਿਆਂ ਸਿਰਫ ਸੰਕੇਤਕ ਵਿਰੋਧ ਕੀਤਾ ਜਦਕਿ ਅਸਲ ਵਿਚ ਵਾਕ ਆਊਟ ਕਰ ਕੇ ਭਾਜਪਾ ਦਾ ਸਿੱਧੇ ਤੌਰ ’ਤੇ ਫਾਇਦਾ ਕੀਤਾ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਕਿਸਾਨਾਂ ਦੇ ਨਾਲ ਨਾਲ ਦਲਿਤਾਂ ਤੇ ਮੁਲਾਜ਼ਮਾਂ ਜਿਹਨਾਂ ਨੂੰ ਕਾਂਗਰਸ ਸਰਕਾਰ ਨਿਸ਼ਾਨਾ ਬਣਾ ਰਹੀ ਹੈ, ਉਹਨਾਂ ਦੀ ਭਲਾਈ ਯਕੀਨੀ ਬਣਾਉਣ ਵਾਸਤੇ ਵੀ ਦ੍ਰਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਅਸੀਂ ਆਉਂਦੇ ਦਿਨਾਂ ਵਿਚ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਸੰਘਰਸ਼ ਤੇਜ਼ ਕਰਾਂਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਭ੍ਰਿਸ਼ਟ ਮੰਤਰੀਆਂ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਥੇ ਧਰਮਸੋਤ ਨੁੰ ਉਸਦੇ ਵਿਭਾਗ ਦੇ ਐਡੀਸ਼ਨਨ ਚੀਫ ਸੈਕਟਰੀ ਨੇ ਐਸ ਸੀ ਸਕਾਲਰਸ਼ਿਪ ਦੇ 65 ਕਰੋੜ ਰੁਪਏ ਦੇ ਘੁਟਾਂਲੇ ਦਾ ਦੋਸ਼ੀ ਠਹਿਰਾਇਆ ਹੈ, ਉਥੇ ਹੀ ਬਲਬੀਰ ਸਿੱਧੂ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਲਈ ਜ਼ਿੰਮੇਵਾਰ ਹਨ।
ਸਰਦਾਰ ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਤੇ ਕੇਂਦਰ ਦੀ ਸਰਕਾਰ ਕਿਸਾਨਾਂ ਖਿਲਾਫ ਵਿਤਕਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਉਹਨਾਂ ਦੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ, ਉਥੇ ਹੀ ਪੰਜਾਬ ਸਰਕਾਰ ਵਾਰ ਵਾਰ ਡੀਜ਼ਲ ’ਤੇ ਵੈਟ ਵਿਚ ਵਾਧਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰਅ ਨੁੰ ਸਿਰਫ ਵੈਟ ਵਿਚ ਵਾਧੇ ਤੋਂ 2000 ਕਰੋੜ ਰੁਪਏ ਦੀ ਵਾਧੂ ਆਮਦਨ ਹੋਈ ਹੈ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਵਿਚ ਕਿਸਾਨ ਝੌਨੇ ਦੇ ਮੌਜੂਦਾ ਸੀਜ਼ਨ ਵਿਚ ਲੇਬਰ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਰੇਲ ਸੇਵਾਵਾਂ ਠੱਪ ਪਈਆਂ ਹਨ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਪੰਜਾਬ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਝੋਨੇ ਦੀ ਲੁਆਈ ਵਾਸਤੇ ਲੇਬਰ ਮਿਲ ਸਕੇ। ਉਹਨਾਂ ਨੇ ਕਾਂਗਰਸ ਸਰਕਾਰ ਵੱਲੋਂ ਵਾਧੂ ਸਹੂਲਤਾਂ ਦੇ ਕੇ ਮਜ਼ਦੂਰਾਂ ਨੁੰ ਸੂਬੇ ਵਿਚ ਰੋਕਣ ਦਾ ਯਤਨ ਨਾ ਕਰਨ ਦੀ ਵੀ ਨਿਖੇਧੀ ਕੀਤੀ।
ਪੰਜਾਬ ਸਰਕਾਰ ਦੇ ਕੰਮਕਾਜ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕਾਂਗਰਸ ਆਗੂ ਆਪ ਹੀ ਆਪਣੀ ਪਾਰਟੀ ਦੇ ਆਗੂਆਂ ਨੂੰ ਬੇਨਕਾਬ ਕਰ ਰਹੇ ਹਨ ਅਤੇ ਸੂਬੇ ਵਿਚ ਆਪਣੇ ਸਾਥੀਆਂ ਨਾਲ ਰਲ ਕੇ ਭ੍ਰਿਸ਼ਟ ਗਤੀਵਿਧੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸੀਨੀਅਰ ਕਾਂਗਰਸੀ ਆਗੂਆਂ ਦੇ ਖਿਲਾਫ ਪੁਲੰਦਾ ਹਾਈ ਕਮਾਂਡ ਨੂੰ ਸੌਂਪਿਆਹਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਕਾਂਗਰਸ ਸਰਕਾਰ ਦਾ ਭ੍ਰਿਸ਼ਟਾਚਾਰ ਤੇ ਘੁਟਾਲੇ ਬੇਨਕਾਬ ਹੁੰਦੇ ਹਨ ਜਦਕਿ ਅਕਾਲੀ ਦਲ ਤੇ ਬਸਪਾ ਦੇ ਫਰੰਟ ਵਿਚ ਲੋਕ ਵਿਸ਼ਵਾਸ ਪ੍ਰਗਟ ਕਰਨਗੇ।