ਫਿਰੋਜ਼ਪੁਰ : ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਨੂੰ ਲੈ ਕੇ ਪਰਿਵਾਰ ਵਿੱਚ ਕਾਫ਼ੀ ਰੋਸ ਹੈ। ਪਰਿਵਾਰ ਨੇ ਹੁਣ ਜੈਪਾਲ ਭੁੱਲਰ ਦੇ ਪੱਛਮ ਬੰਗਾਲ ਏਟੀਐਸ ਵੱਲੋਂ ਕੀਤੇ ਗਏ ਐਨਕਾਊਂਟਰ ’ਤੇ ਸਵਾਲ ਚੁੱਕਦਿਆਂ ਜੈਪਾਲ ਭੁੱਲਰ ਦੀ ਮਿ੍ਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਕਰਨ ਲਈ ਅੱਜ ਆਪਣੇ ਵਕੀਲ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਪਾਸ ਇੱਕ ਦਰਖਾਸਤ ਪੇਸ਼ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਸਾਰੇ ਨੂੰ ਐਨਕਾਊਂਟਰ ਦਿਖਾਇਆ ਗਿਆ ਹੈ।
ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਕੱਲ੍ਹ ਜਦੋਂ ਜੈਪਾਲ ਭੁੱਲਰ ਦੀ ਮਿ੍ਤਕ ਦੇਹ ਨੂੰ ਘਰ ਲਿਆਂਦਾ ਗਿਆ ਸੀ ਤਾਂ ਜਦੋਂ ਰਸਮਾਂ ਦੇ ਮੁਤਾਬਕ ਉਸ ਨੂੰ ਨਹਾਉਣ ਲੱਗੇ ਤਾਂ ਉਸਦੇ ਸਰੀਰ ਦੇ ਕਈ ਹੱਡੀਆਂ ਟੁੱਟੀਆਂ ਹੋਈਆਂ ਸਨ ਅਤੇ ਸਰੀਰ ’ਤੇ ਨਿਸ਼ਾਨ ਵੀ ਸਨ , ਜਿਸ ਤੋਂ ਉਨ੍ਹਾਂ ਨੂੰ ਲੱਗਿਆ ਹੈ ਕਿ ਉਸ ਦੀ ਪਹਿਲਾਂ ਕੁੱਟਮਾਰ ਕੀਤੀ ਗਈ ਹੈ ਫਿਰ ਉਸ ਤੋਂ ਬਾਅਦ ਹੀ ਉਹਨੂੰ ਗੋਲੀ ਮਾਰੀ ਗਈ ਹੈ। ਇਸ ਲਈ ਉਹ ਅੱਜ ਸਸਕਾਰ ਤੋਂ ਪਹਿਲਾਂ ਆਪਣੇ ਪੁੱਤਰ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਸੱਚ ਸਭ ਦੇ ਸਾਹਮਣੇ ਆਵੇ, ਇਸ ਲਈ ਉਨ੍ਹਾਂ ਨੇ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲ ਕੇ ਬੇਨਤੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦਾ ਬੋਰਡ ਬਣਾ ਕੇ ਵੀਡੀਓਗ੍ਰਾਫੀ ਕਰਕੇ ਪੋਸਟਮਾਰਟਮ ਕਰਵਾਇਆ ਜਾਵੇ।
ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਹ ਕੋਲਕਾਤਾ ਵਿਖੇ ਗਏ ਸਨ, ਉਸ ਸਮੇਂ ਵੀ ਕੁੱਝ ਸਥਾਨਿਕ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪੁਲਿਸ ਵੱਲੋਂ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਸਨ, ਇਸ ਕਰਕੇ ਉਨ੍ਹਾਂ ਦਾ ਸ਼ੱਕ ਹੁਣ ਹੋਰ ਪੁਖਤਾ ਹੋ ਗਿਆ ਹੈ, ਇਸ ਲਈ ਉਨ੍ਹਾਂ ਨੇ ਦੁਬਾਰਾ ਪੋਸਟਮਾਰਟਮ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਜਦ ਤੱਕ ਜੈਪਾਲ ਭੁੱਲਰ ਦੀ ਦੇਹ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋ ਜਾਂਦਾ ਤਦ ਤਕ ਉਸ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।