ਭੋਪਾਲ: ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਨਿਤ ਦਿਨ ਬਦਲਾਅ ਕੀਤੇ ਜਾ ਰਹੇ ਹਨ ਤਾਂ ਜੋ ਇਸ ਨੂੰ ਰੋਕਿਆ ਜਾ ਸਕੇ । ਹੁਣ ਮੱਧ ਪ੍ਰਦੇਸ਼ ਵਿਚ Corona virus ਨੂੰ ਮਾਤ ਦੇਣ ਲਈ ਸਰਕਾਰ ਨੇ ਇਕ ਨਵਾਂ ਨਿਯਮ ਬਣਾਇਆ ਹੈ ਜਿਸ ਤਹਿਤ ਹੁਣ ਵਿਆਹਾਂ 'ਚ ਹਿੱਸਾ ਲੈਣ ਵਾਲਿਆਂ ਲਈ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਵਿਆਹ ਸਮਾਗਮ 'ਚ ਲਾੜਾ-ਲਾੜੀ ਪੱਖ ਦੇ 20-20 ਵਿਅਕਤੀ ਸ਼ਾਮਲ ਹੋ ਸਕਣਗੇ। ਸ਼ਾਮਲ ਹੋ ਰਹੇ ਸਾਰੇ ਲੋਕਾਂ ਲਈ ਕੋਰੋਨਾ ਟੈਸਟ ਜ਼ਰੂਰੀ ਹੋਵੇਗਾ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਵਿਧਾਇਕ ਹੁਣ ਵਿਧਾਇਕ ਫੰਡ 'ਚੋਂ 50 ਫੀਸਦ ਤਕ ਦਾ ਉਪਯੋਗ ਲੋੜਵੰਦਾਂ ਦੀ ਮਦਦ ਲਈ ਕਰ ਸਕਣਗੇ। ਉਨ੍ਹਾਂ ਕਿਹਾ Corona ਦੀ ਤੀਜੀ ਲਹਿਰ ਦਾ ਅਜੇ ਖਦਸ਼ਾ ਹੈ। ਇਸ ਲਈ ਸਿਆਸੀ, ਸਮਾਜਿਕ ਗਤੀਵਿਧੀਆਂ, ਜਲੂਸ-ਜਲਸੇ, ਭੀੜ ਵਾਲੀਆਂ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਸੂਕਲ-ਕਾਲਜ, ਖੇਡ-ਕੁੱਦ, ਸਟੇਡੀਅਮ 'ਚ ਸਮਾਗਮ 'ਤੇ ਵੀ ਪਾਬੰਦੀ ਰਹੇਗੀ। ਇਥੇ ਦਸ ਦਈਏ ਕਿ ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ ਪਰ ਹੁਣ ਇਸ ਦੀ ਰਫ਼ਤਾਰ ਘਟ ਰਹੀ ਹੈ। ਕੇਂਦਰ ਦੀ ਸਿਹਤ ਮੰਤਰਾਲੇ ਦੇ ਐਤਵਾਰ ਸਵੇਰ ਤਕ ਦੇ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਬਹੁਤੀ ਘੱਟ ਨਹੀਂ ਹੋ ਰਹੀ। ਪਿਛਲੇ 24 ਘੰਟਿਆਂ ਦੌਰਾਨ ਵੀ 3880 ਲੋਕਾਂ ਨੂੰ ਅਪਣੀ ਜਾਨ ਗਵਾਉਣੀ ਪਈ। ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 3,70,384 ਹੋ ਗਈ ਹੈ।