ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ Unlock-3 ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ Unlock ਦਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਕਈ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹਿਆ ਜਾਵੇਗਾ, ਕੁਝ ਚੀਜ਼ਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਤੇ ਕੁਝ ਨੂੰ ਪਾਬੰਦੀਆਂ ਦੇ ਨਾਲ ਖੋਲ੍ਹਿਆ ਜਾਵੇਗਾ। ਨਵੇਂ ਹੁਕਮਾਂ ਤਹਿਤ ਹੁਣ ਸਕੂਲ, ਕਾਲਜ, ਵਿਦਿਅਕ, ਕੋਚਿੰਗ, ਸਿਖਲਾਈ ਸੰਸਥਾਵਾਂ, ਸਾਰੇ ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਅਕਾਦਮਿਕ, ਸੱਭਿਆਚਾਰਕ, ਤਿਉਹਾਰਾਂ ਨਾਲ ਸਬੰਧਿਤ ਪ੍ਰੋਗਰਾਮਾਂ ਦੇ ਆਯੋਜਨ ‘ਤੇ ਪਾਬੰਦੀ ਹੋਵੇਗੀ । ਸਵੀਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ, ਐਂਟਰਟੇਨਮੈਂਟ ਪਾਰਕ, ਐਮਊਜ਼ਮੈਂਟ ਪਾਰਕ, ਵਾਟਰ ਪਾਰਕ, ਬੈਨਕਿਊਟ, ਆਡੀਟੋਰੀਅਮ, ਅਸੈਂਬਲੀ ਹਾਲ, ਸਪਾ, ਜਿਮ, ਯੋਗਾ ਇੰਸਟੀਚਿਊਟ, ਪਬਲਿਕ ਪਾਰਕ, ਗਾਰਡਨ ਪੂਰੀ ਤਰ੍ਹਾਂ ਬੰਦ ਰਹਿਣਗੇ।
ਇਸ ਤੋਂ ਇਲਾਵਾ ਦਿੱਲੀ ਮੈਟਰੋ 50% ਸਮਰੱਥਾ ਨਾਲ ਚੱਲੇਗੀ। ਦਿੱਲੀ ਵਿੱਚ DTC ਅਤੇ ਕਲੱਸਟਰ ਬੱਸਾਂ ਵੱਧ ਤੋਂ ਵੱਧ 50% ਬੈਠਣ ਦੀ ਸਮਰੱਥਾ ਨਾਲ ਚਲਾਈਆਂ ਜਾ ਸਕਦੀਆਂ ਹਨ। ਸਾਰੀਆਂ ਸਟੈਂਡ ਅਲੋਨ ਦੁਕਾਨਾਂ, ਰਿਹਾਇਸ਼ੀ ਕੰਪਲੈਕਸ ਦੀਆਂ ਦੁਕਾਨਾਂ ਬਿਨਾਂ odd-even ਨਿਯਮ ਦੇ ਸਾਰੇ ਦਿਨ ਖੁੱਲ੍ਹਣਗੀਆਂ। ਸਰਕਾਰੀ ਦਫਤਰਾਂ ਵਿੱਚ ਗਰੇਡ-1 ਦੇ ਅਧਿਕਾਰੀ 100% ਸਮਰੱਥਾ ਨਾਲ ਕੰਮ ਕਰਨਗੇ ਅਤੇ ਬਾਕੀ ਸਟਾਫ਼ 50% ਦਫਤਰ ਵਿੱਚ ਅਤੇ 50% ਘਰ ਤੋਂ ਕੰਮ ਕਰਨਗੇ । ਪ੍ਰਾਈਵੇਟ ਦਫ਼ਤਰਾਂ ਨੂੰ 50% ਸਮਰੱਥਾ ਦੇ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੋਲ੍ਹੇ ਜਾ ਸਕਣਗੇ। ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ, ਮਾਲਜ਼ ਅਤੇ ਰੈਸਟੋਰੈਂਟਾਂ ਨੂੰ ਇੱਕ ਹਫ਼ਤੇ ਲਈ ਟ੍ਰਾਇਲ ਦੇ ਆਧਾਰ ‘ਤੇ 20 ਜੂਨ ਤੱਕ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਰੈਸਟੋਰੈਂਟਾਂ ਨੂੰ 50% ਬੈਠਣ ਦੀ ਸਮਰੱਥਾ ਨਾਲ ਖੋਲ੍ਹਿਆ ਜਾ ਸਕਦਾ ਹੈ। ਇੱਕ ਜ਼ੋਨ ਵਿੱਚ 50% ਵਿਕਰੇਤਾਵਾਂ ਦੇ ਨਾਲ ਹਫਤੇ ਦੀ ਇੱਕ ਦਿਨ ਹਫਤਾਵਾਰੀ ਬਾਜ਼ਾਰ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।