ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਸਬੰਧਤ ਜ਼ਮੀਨ ਸੌਦੇ ਵਿਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਬਾਰੇ ਅੱਜ ਕਿਹਾ ਕਿ ਭਗਵਾਨ ਰਾਮ ਦੇ ਨਾਮ ’ਤੇ ਧੋਖਾ ਕਰਨਾ ਅਧਰਮ ਹੈ। ਉਨ੍ਹਾਂ ਟਵਿਟਰ ’ਤੇ ਕਿਹਾ, ‘ਸ੍ਰੀ ਰਾਮ ਖ਼ੁਦ ਨਿਆਂ ਹੈ, ਸੱਚ ਹੈ, ਧਰਮ ਹੈ। ਉਨ੍ਹਾਂ ਦੇ ਨਾਮ ’ਤੇ ਧੋਖਾ ਅਧਰਮ ਹੈ।’ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਰ ਅਤੇ ਰਾਸ਼ਟਰੀ ਬੁਲਾਰੇ ਸੰਜੇ ਸਿੰਘ ਨੇ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਅਤੇ ਸੀਬੀਆਈ ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਤੋਂ ਜਾਂਚ ਦੀ ਮੰਗ ਕੀਤੀ ਸੀ। ਸੰਜੇ ਸਿੰਘ ਨੇ ਕਲ ਪੱਤਰਕਾਰ ਸੰਮੇਲਨ ਵਿਚ ਦੋਸ਼ ਲਾਉਂਦਿਆਂ ਕਿਹਾ ਸੀ ਕਿ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੰਸਥਾ ਦੇ ਮੈਂਰ ਅਨਿਲ ਮਿਸ਼ਰਾ ਦੀ ਮਦਦ ਨਾਲ ਦੋ ਕਰੋੜ ਰੁਪਏ ਦੀ ਜ਼ਮੀਨ 18 ਕਰੋੜ ਰੁਪਏ ਵਿਚ ਖ਼ਰੀਦੀ ਜੋ ਸਿੱਧੇ ਸਿੱਧੇ ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ ਹੈ ਅਤੇ ਸਰਕਾਰ ਇਸ ਦੀ ਸੀਬੀਆਈ ਅਤੇ ਈ.ਡੀ. ਤੋਂ ਜਾਂਚ ਕਰਾਏ। ਉਧਰ, ਸਮਾਜਵਾਦੀ ਪਾਰਟੀ ਦੀ ਪਿਛਲੀ ਸਰਕਾਰ ਵਿਚ ਮੰਤਰੀ ਰਹੇ ਅਤੇ ਅਯੋਧਿਆ ਦੇ ਸਾਬਕਾ ਵਿਧਾਇਕ ਪਵਨ ਪਾਂਡੇ ਨੇ ਵੀ ਅਯੋਧਿਆ ਵਿਚ ਰਾਏ ’ਤੇ ਭ੍ਰਿਸ਼ਟਾਚਾਰ ਦੇ ਅਜਿਹੇ ਦੋਸ਼ ਲਾਏ ਅਤੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ।