ਨਵੀਂ ਦਿੱਲੀ: ਅਮਰੀਕਾ ਦੀ ਕੰਪਨੀ ਨੋਵਾਵੈਕਸ ਦੀ ਬਣਾਈ ਵੈਕਸੀਨ ਦੇ ਤੀਜੇ ਦੌਰ ਦੇ ਟਰਾਇਲ ਦੇ ਨਤੀਜੇ ਆ ਗਏ ਹਨ। ਕੰਪਨੀ ਨੇ ਸੋਮਵਾਰ ਨੂੰ ਦਸਿਆ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਹ ਕਾਫ਼ੀ ਅਸਰਦਾਰ ਸਾਬਤ ਹੋਈ ਹੈ। ਵੈਕਸੀਨ ਨੇ ਥੋੜੀ, ਦਰਮਿਆਨ ਅਤੇ ਗੰਭੀਰ ਬੀਮਾਰੀ ਵਿਚ 90.4 ਫ਼ੀਸਦੀ ਫ਼ਾਈਨਲ ਪ੍ਰਭਾਵਸ਼ੀਲਤਾ ਵਿਖਾਈ ਹੈ। ਇਹ ਪਰਖ ਬ੍ਰਿਟੇਨ ਵਿਚ ਕੀਤੀ ਗਈ ਹੈ। ਬਿਹਤਰ ਨਤੀਜੇ ਸਦਕਾ ਛੇਤੀ ਹੀ ਇਸ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਦੀ ਉਮੀਦ ਵਧ ਗਈ ਹੈ। ਇਹ ਵੈਕਸੀਨ ਵੱਖ ਵੱਖ ਰੂਪਾਂ ਨਾਲ ਬਚਾਅ ਕਰਨ ਵਿਚ ਵੀ ਕਾਰਗਰ ਰਹੀ ਹੈ। ਦੁਨੀਆਂ ਭਰ ਵਿਚ ਵੈਕਸੀਨ ਦੀ ਕਮੀ ਵਿਚਾਲੇ ਕੰਪਨੀ ਨੇ ਇਹ ਨਤੀਜੇ ਜਾਰੀ ਕੀਤੇ ਹਨ। ਨੋਵਾਵੈਕਸ ਅਤੇ ਭਾਰਤ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਸਾਲ ਵਿਚ ਕੋਰੋਨਾ ਵੈਕਸੀਨ ਦੀਆਂ 200 ਕਰੋੜ ਖ਼ੁਰਾਕਾਂ ਤਿਆਰ ਕਰਨ ਦਾ ਕਰਾਰ ਕੀਤਾ ਹੈ। ਅਗਸਤ ਵਿਚ ਇਹ ਸਮਝੌਤਾ ਸਹੀਬੰਦ ਹੋ ਗਿਆ ਸੀ। ਸਮਝੌਤੇ ਮੁਤਾਬ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਅਤੇ ਭਾਰਤ ਲਈ ਘੱਟ ਤੋਂ ਘੱਟ 100 ਕਰੋੜ ਖ਼ੁਰਾਕਾਂ ਦਾ ਉਤਪਾਦਨ ਕੀਤਾ ਜਾਵੇਗਾ। ਹੁਣ ਪਰਖ ਦੇ ਨਤੀਜੇ ਆਉਣ ਦੇ ਬਾਅਦ ਕੰਪਨੀ 2021 ਦੀ ਤੀਜੀ ਤਿਮਾਹੀ ਵਿਚ ਅਮਰੀਕਾ, ਯੂਕੇ ਅਤੇ ਯੂਰਪ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੇਗੀ। ਇਸ ਕਾਰਨ ਸਤੰਬਰ ਤੋਂ ਪਹਿਲਾਂ ਵੈਕਸੀਨ ਮਿਲਣੀ ਮੁਸ਼ਕਲ ਹੈ।