ਚੰਡੀਗੜ੍ਹ : ਦੀਪ ਸਿੱਧੂ ਉਹ ਸਖ਼ਸ਼ ਹੈ ਜੋ ਕਿਸਾਨ ਅੰਦੋਲਨ ਦੌਰਾਨ ਚਰਚਾ ਵਿਚ ਆ ਗਿਆ ਸੀ ਅਤੇ 26 ਜਨਵਰੀ ਨੂੰ ਕਿਸਾਨ ਅੰਦੋਲਨ ਵਿਚ ਇਕ ਰੈਲੀ ਕੱਢੀ ਗਈ ਸੀ ਅਤੇ ਰੌਲਾ ਪੈਣ ਮਗਰੋਂ ਫ਼ਰਾਰ ਹੋ ਗਿਆ ਸੀ। ਦਿੱਲੀ ਪੁਲਿਸ ਨੇ ਕਾਫੀ ਮੁਸ਼ੱਕਤ ਕਰ ਕੇ ਉਸ ਨੂੰ ਕਾਬੂ ਕੀਤਾ ਸੀ। ਹੁਣ ਦੀਪ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕਰਦੇ ਹੋਏ ਆਪਣੀ ਜਾਨ ਨੂੰ ਖਤਰਾ ਦਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਫਿ਼ਕਰ ਹੈ ਕਿ ਉਨ੍ਹਾਂ ਦੇ ਪਰਵਾਰ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ। ਇਥੇ ਦਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਸਿੱਧੂ ਨੂੰ ਜੇਲ ਹੋ ਗਈ ਸੀ ਅਤੇ ਹੁਣ ਕੁੱਝ ਦਿਨ ਪਹਿਲਾਂ ਹੀ ਉਹ ਜੇਲ ਵਿਚੋਂ ਬਾਹਰ ਜ਼ਮਾਨਤ ਉਤੇ ਆਏ ਹਨ। ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੰਦਿਆਂ ਦੀਪ ਸਿੱਧੂ ਨੇ ਕਿਹਾ ਕਿ ਕਿਸ ਨੇ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਦੇ ਦਿੱਤਾ ਹੈ, ਜਿਸ ਕਰ ਕੇ ਹਾਲਤ ਠੀਕ ਨਹੀਂ ਹੈ। ਉਨ੍ਹਾਂ ਹੋਰ ਦਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ। ਉਸ ਨੇ ਅੱਗੇ ਲਿਖਿਆ ਕਿ ਮੈਂ ਇਹ ਗੱਲ ਇਸ ਲਈ ਸਾਂਝੀ ਕਰ ਰਿਹਾ ਹਾਂ ਕਿ ਮੈਂ ਸਾਰਿਆਂ ਨੂੰ ਮੌਜੂਦਾ ਅਸਲੀਅਤ ਦਾ ਪਤਾ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਮੁੜ ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ। ਉਹ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਰਿਹਾ ਹੈ ਅਤੇ 26 ਜਨਵਰੀ ਹਿੰਸਾ ਨੂੰ ਲੈ ਕੇ ਜੇਲ੍ਹ ਵਿੱਚ ਵੀ ਬੰਦ ਰਿਹਾ ਸੀ।