ਨਵੀਂ ਦਿੱਲੀ : ਅਯੁੱਧਿਆ ਵਿੱਚ ਰਾਮ ਜਨਮ ਭੂਮੀ ਲਈ ਇਕ ਮੰਦਰ ਬਣਾਇਆ ਜਾ ਰਿਹਾ ਹੈ ਪਰ ਇਸ ਮੰਦਰ ਲਈ ਖ਼ਰੀਦੀ ਜਾ ਰਹੀ ਜ਼ਮੀਨ ਸਬੰਧੀ ਮਾਮਲਾ ਉਲਝਦਾ ਜਾ ਰਿਹਾ ਹੈ। ਬੀਤੇ ਦਿਨੀ ਇਸ ਮੰਦਰ ਨੂੰ ਉਸਾਰਨ ਲਈ ਬਣੀ ਕਮੇਟੀ ਉਤੇ ਦੋਸ਼ ਲੱਗੇ ਸਨ ਕਿ 2 ਕਰੋੜ ਦੀ ਜ਼ਮੀਨ 18 ਕਰੋੜ ਵਿਚ ਖ਼ਰੀਦੀ ਗਈ ਹੈ। ਹਾਲਾਂਕਿ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਨੇ ਇਨ੍ਹਾਂ ਦੋਸ਼ਾਂ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਸਾਬਕਾ ਸਪਾ ਵਿਧਾਇਕ ਨਾਰਾਇਣ ਪਾਂਡੇ ਉਰਫ ਪਵਨ ਪਾਂਡੇ ਨੇ ਦੋਸ਼ ਲਾਇਆ ਸੀ ਕਿ ਟਰੱਸਟ ਨੇ ਰਾਮ ਮੰਦਰ ਲਈ 2 ਕਰੋੜ ਰੁਪਏ ਦੀ ਜ਼ਮੀਨ 18.5 ਕਰੋੜ ਰੁਪਏ ਵਿੱਚ ਖਰੀਦੀ ਹੈ। ਵਿਧਾਇਕ ਨੇ ਦੋਸ਼ ਲਾਇਆ ਹੈ ਕਿ 12,080 ਵਰਗ ਮੀਟਰ ਜ਼ਮੀਨ ਸੁਲਤਾਨ ਅੰਸਾਰੀ ਅਤੇ ਰਵੀ ਮੋਹਨ ਤਿਵਾੜੀ ਨੇ ਦੋ ਕਰੋੜ ਵਿੱਚ ਖਰੀਦੀ ਸੀ। ਇਸ ਦਾ ਬਿਆਨਾਂ ਵੀ ਦੋ ਕਰੋੜ ਵਿੱਚ ਕੀਤਾ ਗਿਆ ਸੀ। ਪਰ 10 ਮਿੰਟ ਬਾਅਦ ਇਹੀ ਜ਼ਮੀਨ ਟਰੱਸਟ ਨੇ 18.5 ਕਰੋੜ ਰੁਪਏ ਵਿੱਚ ਖਰੀਦੀ। ਉਨ੍ਹਾਂ ਨੇ ਜ਼ਮੀਨ ਦੀ ਖਰੀਦ ਵਿੱਚ ਘੁਟਾਲੇ ਦਾ ਇਲਜ਼ਾਮ ਲਗਾਇਆ ਹੈ। ਹੁਣ ਭਾਜਪਾਈਆਂ ਅਤੇ ਆਰਐਸਐਸ ਵਾਲਿਆਂ ਨੂੰ ਇਸ ਸਬੰਧੀ ਸਫ਼ਾਈਆਂ ਦੇਣੀਆਂ ਪੈ ਰਹੀਆਂ ਹਨ। ਹੁਣ ਟਰੱਸਟ ਦੇ ਮੈਂਬਰ ਵੀ ਦੋ ਕਰੋੜ ਦੀ ਜ਼ਮੀਨ 18.5 ਕਰੋੜ ਰੁਪਏ ਵਿੱਚ ਖਰੀਦਣ ਨੂੰ ਲੈ ਕਿ ਸਵਾਲ ਚੁੱਕ ਰਹੇ ਹਨ। ਇਸ ਦੇ ਨਾਲ ਹੀ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਹੈ ਕਿ ਜੇ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਜ਼ਮੀਨੀ ਵਿਵਾਦ ਦੇ ਬਾਰੇ ਮੰਗਲਵਾਰ ਨੂੰ ਤਿੰਨ ਟਵੀਟ ਕੀਤੇ ਅਤੇ ਘੁਟਾਲੇ ਦਾ ਦੋਸ਼ ਲਗਾਉਣ ਵਾਲਿਆਂ ਨੂੰ ਵਿਦਰੋਹੀ ਕਿਹਾ ਸੀ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਜ਼ਮੀਨ ਖਰੀਦਣ ਸੰਬੰਧੀ ਟਰੱਸਟ ਵਿੱਚ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਕਿਹਾ ਜਾ ਰਿਹਾ ਸੀ ਕਿ ਕਮਲਨਯਨ ਦਾਸ ਨੇ ਟਰੱਸਟ ਉੱਤੇ ਖਰੀਦ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਪਰ ਹੁਣ ਕਮਲਨਯਨ ਦਾਸ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ “ਮੈਨੂੰ ਨਹੀਂ ਲਗਦਾ ਕਿ ਕੋਈ ਘਪਲਾ ਜਾਂ ਘੁਟਾਲਾ ਹੋਇਆ ਹੋਵੇਗਾ। ਮਹੰਤ ਨ੍ਰਿਤਿਆ ਗੋਪਾਲਦਾਸ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਹਨ ਪਰ ਉਹ ਬਿਮਾਰ ਚੱਲ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਕਮਲਨਯਨ ਦਾਸ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ ਹੈ।